Punjab News: ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਖਿਲਾਫ ਬੀਜੇਪੀ ਵੀ ਡਟ ਗਈ ਹੈ। ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਭਗਵੰਤ ਮਾਨ ਸਰਕਾਰ ਉਪਰ ਤਿੱਖਾ ਹਮਲਾ ਬੋਲਿਆ ਹੈ।
ਰਵਨੀਤ ਬਿੱਟੂ ਨੇ ਇਲਜ਼ਾਮ ਲਾਇਆ ਹੈ ਕਿ ਆਮ ਆਦਮੀ ਪਾਰਟੀ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਮਜੀਠੀਆ ਖਿਲਾਫ ਪਰਚਾ ਆਮਦਨ ਤੋਂ ਵੱਧ ਸੰਪਤੀ ਬਣਾਉਣ ਦਾ ਕੀਤਾ ਗਿਆ ਹੈ ਪਰ ਇਸ ਨੂੰ ਨਸ਼ਾ ਤਸਕਰੀ ਨਾਲ ਜੋੜਿਆ ਜਾ ਰਿਹਾ ਹੈ।
ਰਵਨੀਤ ਬਿੱਟੂ ਨੇ ਆਪਣੇ ਫੇਸਬੁੱਕ ਪੇਜ਼ ਉਪਰ ਲਿਖਿਆ....ਆਪ ਪਾਰਟੀ ਪੰਜਾਬ ਨੂੰ ਰੋਜ਼ ਗੁੰਮਰਾਹ ਕਰ ਰਹੀ ਹੈ। ਮਜੀਠੀਆ 'ਤੇ ਪਰਚਾ ਹੋਇਆ ਆਮਦਨ ਤੋਂ ਵੱਧ ਸੰਪਤੀ ਬਣਾਉਣ ਦਾ। ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਠੀਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪ ਪਾਰਟੀ ਕਹਿ ਰਹੀ ਹੈ ਕਿ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਕੇਸ ਚ ਫੜ੍ਹਿਆ ਗਿਆ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਦੂਸਰੇ ਨੂੰ ਮੱਗਰਮੱਛ ਕਹਿਣ ਤੋਂ ਪਹਿਲਾਂ ਤੁਸੀਂ ਆਪਣੇ ਕਨਵੀਨਰ ਕੇਜਰੀਵਾਲ ਬਾਰੇ ਵੀ ਪ੍ਰੈਸ ਕਾਨਫਰੰਸ ਕਰੋ ਤੇ ਉਨ੍ਹਾਂ ਤੇ ਜਿਹੜੇ ਮੁੱਕਦਮੇ ਚਲ ਰਹੇ ਨੇ ਉਹਨਾਂ ਬਾਰੇ ਚਾਨਣਾ ਪਾਉ। ਅਰਵਿੰਦ ਕੇਜਰੀਵਾਲ ਨੇ 2018 ਵਿੱਚ ਮਜੀਠੀਆ ਤੋਂ ਮਾਫ਼ੀ ਮੰਗ ਲਈ ਸੀ ਤੇ ਕਿਹਾ ਸੀ ਕਿ ਉਸ ਦੇ ਖਿਲਾਫ ਨਸ਼ਾ ਤਸਕਰੀ ਦਾ ਕੋਈ ਸਬੂਤ ਨਹੀਂ ਪਾਇਆ ਗਿਆ। ਫਿਰ ਇਹ ਡਰਾਮੇ ਦੀ ਲੋੜ ਕਿਉਂ। ਯੁੱਧ ਨਸ਼ਿਆ ਵਿਰੁੱਧ ਮਹਿਮ ਦੇ ਫਲਾਪ ਹੋਣ ਤੋਂ ਬਾਅਦ ਇਹ ਸਾਰਾ ਡਰਾਮਾ ਰਚਿਆ ਗਿਆ ਹੈ। ਆਰੋਪ ਜ਼ਮੀਨ ਜਾਇਦਾਦ ਦਾ ਤੇ ਮਸ਼ਹੂਰੀ ਨਸ਼ਾ ਤਸਕਰ ਫੜ੍ਹਨ ਦੀ। ਤੁਸੀਂ ਮਜੀਠੀਆ ਨੂੰ ਫਸਾਇਆ ਹੈ ਜਾਂ ਓਹਨੂੰ ਬਾਹਰ ਕੱਢਿਆ ਹੈ?
ਮਜੀਠੀਆ ਨੂੰ 7 ਦਿਨ ਰਿੜਕੇਗੀ ਵਿਜੀਲੈਂਸ
ਦੱਸ ਦਈਏ ਕਿ ਪੰਜਾਬ ਵਿਜੀਲੈਂਸ ਨੂੰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨ ਲਈ 7 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਵਿਜੀਲੈਂਸ ਨੇ ਅੱਜ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਮਜੀਠੀਆ ਦਾ 7 ਦਿਨਾਂ ਦਾ ਰਿਮਾਂਡ ਦੇ ਦਿੱਤਾ। ਵਿਜੀਲੈਂਸ ਨੇ ਲੰਘੇ ਕੱਲ੍ਹ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ।