Jalandhar News: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸੜਕ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਜਲੰਧਰ ਅਤੇ ਇਸ ਦੇ ਆਲੇ-ਦੁਆਲੇ ਬੱਸਾਂ ਦੀ ਜਾਂਚ ਕੀਤੀ ਗਈ।
ਕੈਬਨਿਟ ਮੰਤਰੀ ਵਲੋਂ ਕੀਤੀ ਗਈ ਕਾਰਵਾਈ ਦੇ ਸਦਕਾ ਬਿਨ੍ਹਾਂ ਦਰੁਸਤ ਦਸਤਾਵੇਜ਼ਾਂ ਦੇ ਚੱਲਣ ਵਾਲੀਆਂ ਦੋ ਬੱਸਾਂ ਨੂੰ ਜਬਤ ਕੀਤਾ ਗਿਆ ਜਦਕਿ ਨਿਯਮਾਂ ਦੀ ਉਲੰਘਣਾ ਕਰਨ ’ਤੇ 21 ਬੱਸਾਂ ਦੇ ਜਿਨ੍ਹਾਂ ਵਿੱਚ ਦੋ ਸਰਕਾਰੀ ਬੱਸਾਂ ਅਣ ਅਧਿਕਾਰਤ ਰੂਟ ’ਤੇ ਚੱਲ ਰਹੀਆਂ ਸ਼ਾਮਿਲ ਸਨ ਦੇ 3.50 ਲੱਖ ਰੁਪੈ ਦੇ ਚਲਾਨ ਕੱਟੇ ਗਏ।
ਕੈਬਨਿਟ ਮੰਤਰੀ ਵਲੋਂ ਜਲੰਧਰ ਬੱਸ ਸਟੈਂਡ ਦੇ ਆਲੇ-ਦੁਆਲੇ, ਜਲੰਧਰ-ਪਠਾਨਕੋਟ ਰੋਡ ’ਤੇ ਕਿਸ਼ਨਗੜ੍ਹ ਅਤੇ ਜਲੰਧਰ-ਅੰਮ੍ਰਿਤਸਰ ਰੋਡ ’ਤੇ ਕਰਤਾਰਪੁਰ ਸੜਕੀ ਸੁਰੱਖਿਆ ਅਤੇ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਕੁੱਲ 56 ਬੱਸਾਂ ਦੀ ਜਾਂਚ ਕੀਤੀ ਗਈ।
ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਵਿੱਚ ਵਿਜੇ ਬੱਸ ਸਰਵਿਸ ਵਲੋਂ ਚਲਾਈ ਜਾ ਰਹੀ ਬੱਸ ਨੰਬਰ ਐਨ ਐਲ-02 ਬੀ 3020 ਸ਼ਾਮਿਲ ਹੈ ਜਿਸ ਨੂੰ ਰੀਜ਼ਨਲ ਟਰਾਂਸਪੋਰਟ ਅਥਾਰਟੀ ਵਲੋਂ ਬਿਨ੍ਹਾਂ ਆਗਿਆ ਦੇ ਬੱਸ ਚਲਾਉਣ ’ਤੇ 50000 ਰੁਪਏ ਦਾ ਚਲਾਨ ਜਾਰੀ ਕੀਤਾ ਗਿਆ।
ਇਸੇ ਤਰ੍ਹਾਂ ਖਹਿਰਾ ਸਲੀਪਰਜ਼ ਦੀ ਬੱਸ ਨੰਬਰ ਯੂ.ਪੀ.-31 ਟੀ-3737 ਦਾ ਵੀ ਸਮਰੱਥਾ ਤੋਂ ਵੱਧ ਯਾਤਰੀ ਲੈ ਕੇ ਜਾਣ ’ਤੇ 50,000 ਰੁਪਏ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਇੰਡੋ-ਕੇਨੈਡੀਅਨ ਸਰਵਿਸ ਦੀ ਬੱਸ ਨੰਬਰ ਪੀ.ਬੀ. 01 ਸੀ 9726 ਦਾ ਪਰਮਿਟ ਦੇ ਰੂਲਾਂ ਦੀ ਉਲੰਘਣਾ ਕਰਨ ’ਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਇਸ ਤੋਂ ਇਲਾਵਾ 18 ਪ੍ਰਾਈਵੇਟ ਬੱਸਾਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 2 ਲੱਖ ਰੁਪਏ ਦੇ ਚਲਾਨ ਕੀਤੇ ਗਏ ਜਿਸ ਵਿੱਚ ਤਿੰਨ ਬੱਸਾਂ ਕਰਤਾਰ ਬੱਸ, ਦੋ-ਦੋ ਬੱਸਾਂ ਪਟਿਆਲਾ ਐਕਸਪ੍ਰੈਸ ਅਤੇ ਪਟਿਆਲਾ ਹਾਈਵੇਅ ਅਤੇ ਇਕ ਬੱਸ ਨਿੱਜਰ ਮਿੰਨੀ ਬੱਸ, ਪਰਕਾਸ਼ ਬੱਸ, ਲਿਬੜਾ ਬੱਸ, ਸ਼ੇਖੂਪੁਰਾ ਬੱਸ ਸਰਵਿਸ, ਨਰਵਾਲ ਬੱਸ, ਭਾਈ ਜੀ ਟਰਾਂਸਪੋਰਟ ਅਤੇ ਰਾਜਗੁਰੂ ਸ਼ਾਮਿਲ ਹਨ ਜਦਕਿ ਦੋ ਬੱਸਾਂ ਪਿਆਰ ਬੱਸ ਸਰਵਿਸ ਅਤੇ ਕਰਤਾਰ ਬੱਸ ਸਰਵਿਸ ਨੂੰ ਦਰੁਸਤ ਦਸਤਾਵੇਜ ਨਾ ਹੋਣ ਕਰਕੇ ਮੌਕੇ ’ਤੇ ਜਬਤ ਕੀਤਾ ਗਿਆ।
ਕਰਤਾਰਪੁਰ ਵਿਖੇ ਜਾਂਚ ਦੌਰਾਨ ਟਰਾਂਸਪੋਰਟ ਕੈਬਨਿਟ ਮੰਤਰੀ ਨੇ ਪਾਇਆ ਕਿ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ (ਰਜਿਸਟਰੇਸ਼ਨ ਨੰਬਰ ਪੀ.ਬੀ. 08-ਈ.ਸੀ.4529 ਅਤੇ ਪੀ.ਬੀ.-65-ਏ.ਟੀ. 0543) ਆਪਣੇ ਨਿਰਧਾਰਿਤ ਰੂਟ ਤੋਂ ਹੱਟ ਕੇ ਪੁੱਲ ਤੋਂ ਲੰਘ ਰਹੀਆਂ ਸਨ। ਦੋਵਾਂ ਬੱਸਾਂ ਦੇ ਡਰਾਇਵਰਾਂ ਦਾ ਆਪਣੇ ਰੂਟ ਤੋਂ ਹੱਟ ਕੇ ਲੰਘਣ ’ਤੇ ਚਲਾਨ ਕੀਤੇ ਗਏ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਿਨਾਂ ਯੋਗ ਦਸਤਾਵੇਜਾਂ ਅਤੇ ਪਰਮਿਟ ਦੇ ਕਿਸੇ ਬੱਸ ਨੂੰ ਨਾ ਚੱਲਣ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਬੱਸਾਂ ਦੀ ਪੂਰੀ ਸਮਰੱਥਾ ਨਾਲ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਯਮਾਂ ਦੀ ੳਲੰਘਣਾ ਕਰਨ ਵਾਲੀ ਕਿਸੇ ਵੀ ਬੱਸ ਦਾ ਚਲਾਨ ਕਰਨ ਤੋਂ ਇਲਾਵਾ ਜਬਤ ਕੀਤਾ ਜਾਵੇ।
ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਸੜਕਾਂ ’ਤੇ ਚੱਲਣ ਵਾਲੀਆਂ ਬੱਸਾਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਲਈ ਦ੍ਰਿੜ ਸੰਕਲਪ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਨਿਯਮਾਂ ਨੂੰ ਲਾਗੂ ਅਤੇ ਪਾਲਣਾ ਕਰਨਾ ਜਰੂਰੀ ਹੈ