Controversy on Chandigarh: ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਵਿਵਾਦ ਵਧਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਸੀ। ਹਰਿਆਣਾ ਵੱਲੋਂ ਇਸ ਪ੍ਰਸਤਾਵ 'ਤੇ ਸਵਾਲ ਚੁੱਕੇ ਗਏ ਹਨ। ਇਸ ਦੇ ਵਿਰੋਧ 'ਚ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਹੈ। ਇਸ 'ਤੇ ਬੋਲਦਿਆਂ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਸੀ, ਹੈ ਤੇ ਰਹੇਗਾ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਗਲੀ ਲੜਾਈ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੂੰ ਪਾਣੀਆਂ ਦੀ ਲੜਾਈ ਲਈ ਤਿਆਰ ਰਹਿਣਾ ਪਵੇਗਾ। ਸਿੱਧੂ ਨੇ ਕਿਹਾ, "ਪੰਜਾਬ ਦੇ ਵਿਰਾਨ 27 ਪਿੰਡਾਂ ਵਿੱਚੋਂ ਬਣਿਆ ਚੰਡੀਗੜ੍ਹ, ਪੰਜਾਬ ਦਾ ਸੀ, ਹੈ ਤੇ ਰਹੇਗਾ।"
ਸਿੱਧੂ ਨੇ ਇਸ਼ਾਰਿਆਂ 'ਚ ਹਰਿਆਣਾ ਦੀਆਂ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਨਜ਼ਰ ਕਿਤੇ ਹੈ ਤੇ ਨਿਸ਼ਾਨਾ ਕਿਤੇ, ਚੰਡੀਗੜ੍ਹ ਤਾਂ ਬਹਾਨਾ ਹੈ, ਨਿਸ਼ਾਨਾ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਹੈ। ਸਾਨੂੰ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਅਗਲੀ ਵੱਡੀ ਲੜਾਈ ਪੰਜਾਬ ਦੇ ਦਰਿਆਵਾਂ ਦੇ ਪਾਣੀ ਨੂੰ ਲੈ ਕੇ ਹੈ।
SYL ਦਾ ਵੀ ਉੱਠੇਗਾ ਮੁੱਦਾ
ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਚੰਡੀਗੜ੍ਹ ਨੂੰ ਸੂਬੇ ਦੇ ਹਵਾਲੇ ਕਰਨ ਲਈ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ। ਹੁਣ ਇਸੇ ਤਰ੍ਹਾਂ ਦੇ ਦਾਅਵੇ ਨਾਲ ਹਰਿਆਣਾ ਵਿਧਾਨ ਸਭਾ ਵਿੱਚ ਵੀ ਮਤਾ ਪਾਸ ਕੀਤਾ ਜਾ ਸਕਦਾ ਹੈ।
ਹਰਿਆਣਾ ਵਿਧਾਨ ਸਭਾ ਵਿੱਚ ਐਸਵਾਈਐਲ ਦੇ ਪਾਣੀਆਂ ਬਾਰੇ ਮਤਾ ਵੀ ਪਾਸ ਕੀਤਾ ਜਾ ਸਕਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ ਹੈ ਕਿ ਉਹ ਚੰਡੀਗੜ੍ਹ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।
ਇਹ ਵੀ ਪੜ੍ਹੋ:Grammy Awards: ਏਆਰ ਰਹਿਮਾਨ ਬਣੇ ਗ੍ਰੈਮੀ ਐਵਾਰਡ ਦਾ ਹਿੱਸਾ, ਵਿਲ ਸਮਿਥ ਦੇ ਥੱਪੜ ਸਕੈਂਡਲ ਦਾ ਵੀ ਉਡਾਇਆ ਮਜ਼ਾਕ