Farmer Protest: ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਲਾਲੜੂ ਦੇ ਸਰਸੀਨੀ ਨੇੜੇ ਚੰਡੀਗੜ੍ਹ-ਦਿੱਲੀ ਹਾਈਵੇਅ ਜਾਮ ਕਰ ਦਿੱਤਾ। ਇਸ ਮੌਕੇ ਕਿਸਾਨ ਸੜਕ ’ਤੇ ਬੈਠੇ ਹਨ ਅਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਕਿਸਾਨ ਆਪਣੇ ਨਾਲ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਹਨ।


ਪਿਛਲੇ ਦਿਨੀਂ ਪਏ ਮੀਂਹ ਅਤੇ ਹੜ੍ਹਾਂ ਕਾਰਨ ਇਲਾਕੇ ਵਿੱਚ ਕਾਫੀ ਤਬਾਹੀ ਹੋਈ ਸੀ, ਜਿਸ ਕਾਰਨ ਕਈ ਕਿਸਾਨਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਸਨ। ਕਿਸਾਨਾਂ ਦੀਆਂ ਸਰਕਾਰਾਂ ਤੋਂ ਕੁਝ ਮੰਗਾਂ ਸਨ ਪਰ ਮੰਗਾਂ ਪੂਰੀਆਂ ਨਾ ਹੋਣ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਗੁੱਸੇ 'ਚ ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਸਥਿਤ ਪਿੰਡ ਸਰਸੀਣੀ ਨੇੜੇ ਹਾਈਵੇਅ ਜਾਮ ਕਰ ਦਿੱਤਾ। ਇਸ ਕਾਰਨ ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ।


ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ


ਘੱਗਰ ਨਦੀ ਦੇ ਕੰਢੇ ਟਿਵਾਣਾ ਪਿੰਡ ਤੋਂ ਨਵੀਂ ਬਣੀ ਅੰਬਾਲਾ ਚੰਡੀਗੜ੍ਹ ਸੜਕ ਤੱਕ ਬੰਨ੍ਹ ਨੂੰ ਕੰਕਰੀਟ ਦਾ ਬਣਾਇਆ ਜਾਵੇ।


ਹੜ੍ਹਾਂ ਕਾਰਨ ਪ੍ਰਭਾਵਿਤ ਜ਼ਮੀਨਾਂ ਲਈ ਘੱਟੋ-ਘੱਟ 1 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।


ਹੜ੍ਹਾਂ ਕਾਰਨ ਜ਼ਮੀਨ ਵਿੱਚੋਂ ਜ਼ਿਆਦਾ ਮਿੱਟੀ ਵਹਿ ਜਾਣ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ।


ਪੰਜ ਏਕੜ ਤੱਕ ਦੀ ਜ਼ਮੀਨ ਦਾ ਮੁਆਵਜ਼ਾ ਦੇਣ ਦੀ ਸ਼ਰਤ ਹਟਾਈ ਜਾਵੇ ਅਤੇ ਕੁੱਲ ਖਰਾਬ ਹੋਈ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ।


ਹੜ੍ਹ ਕਾਰਨ ਪ੍ਰਭਾਵਿਤ ਹੋਈ ਟਿਊਬਵੈੱਲ ਦੀ ਪਾਣੀ ਦੀ ਪਾਈਪ ਲਾਈਨ ਸਰਕਾਰ ਵੱਲੋਂ ਵਿਛਾਈ ਜਾਵੇ।


ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਬਿਜਲੀ ਲਾਈਨਾਂ ਦੀ ਮੁਰੰਮਤ ਕੀਤੀ ਜਾਵੇ।


ਫੈਕਟਰੀ ਦਾ ਗੰਦਾ ਪਾਣੀ ਬਲਾਕ ਡੇਰਾਬੱਸੀ ਦੇ ਘੱਗਰ ਅਤੇ ਝਰਮਲ ਦਰਿਆਵਾਂ ਅਤੇ ਸਟੋਰਮ ਡਰੇਨਾਂ ਵਿੱਚ ਆ ਰਿਹਾ ਹੈ, ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਜਾਂ ਸਾਫ਼ ਕਰਕੇ ਛੱਡਿਆ ਜਾਵੇ।


ਹੜ੍ਹ ਕਾਰਨ ਪਿੰਡ ਟਿਵਾਣਾ ਵਿੱਚ ਘੱਗਰ ’ਤੇ ਬਣਿਆ ਕਾਜਵਾੜਾ ਟੁੱਟਣ ਕਾਰਨ ਸੜਕ ਬੰਦ ਹੋ ਗਈ।ਘੱਗਰ ਦਰਿਆ ’ਤੇ ਪੱਕਾ ਪੁਲ ਬਣਾਇਆ ਜਾਵੇ।
ਹੜ੍ਹਾਂ ਕਾਰਨ ਜਾਨਾਂ ਗੁਆਉਣ ਵਾਲੇ ਮਕਾਨ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬਰਸਾਤੀ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।