ਦਿੱਲੀ ਤੋਂ ਤੈਅ ਹੋਇਆ ਚੰਡੀਗੜ੍ਹ ਦਾ ਮੇਅਰ
ਏਬੀਪੀ ਸਾਂਝਾ | 09 Jan 2018 01:43 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਅੱਜ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਨਵੇਂ ਮੇਅਰ ਚੁਣੇ ਗਏ ਹਨ। ਮੋਦਗਿਲ ਦੇ ਪੱਖ ਵਿੱਚ 22 ਕੌਂਸਲਰਾਂ ਨੇ ਵੋਟਾਂ ਪਾਈਆਂ। ਨਵੇਂ ਮੇਅਰ ਦੇ ਵਿਰੋਧ ਵਿੱਚ ਭਾਜਪਾ ਦੀ ਕੌਂਸਲਰ ਆਸ਼ਾ ਜੈਸਵਾਲ ਨੇ ਨਾਮਜ਼ਦਗੀ ਭਰੀ ਸੀ ਪਰ ਬੀਤੇ ਕੱਲ੍ਹ ਉਨ੍ਹਾਂ ਨਾਮਜ਼ਦਗੀ ਵਾਪਸ ਲੈ ਲਈ। ਇਹ ਤਾਂ ਪਹਿਲਾਂ ਹੀ ਤੈਅ ਸੀ ਕਿ ਚੰਡੀਗੜ੍ਹ ਨੂੰ ਮੇਅਰ ਭਾਜਪਾ ਦਾ ਹੀ ਮਿਲੇਗਾ, ਕਿਉਂਕਿ ਸ਼ਹਿਰ ਵਿੱਚ ਕਾਂਗਰਸ ਦੇ ਕੌਂਸਲਰ ਸਿਰਫ 4 ਹੀ ਹਨ ਪਰ ਵਿਰੋਧੀ ਸੁਰਾਂ ਦੇ ਚੱਲਦਿਆਂ ਪਾਰਟੀ ਨੂੰ ਖ਼ਦਸ਼ਾ ਸੀ ਕਿ ਉਨ੍ਹਾਂ ਦੇ ਕੁਝ ਲੋਕ ਵੋਟ ਖ਼ਰਾਬ ਹੀ ਕਰ ਸਕਦੇ ਹਨ। ਬੀਤੇ ਦਿਨੀਂ ਪਾਰਟੀ ਹਾਈਕਮਾਨ ਨੇ ਆਸ਼ਾ ਜੈਸਵਾਲ ਨੂੰ ਦਿੱਲੀ ਸੱਦ ਕੇ ਸਮਝਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਮੇਅਰ ਉਮੀਦਵਾਰ ਦੇ ਤੌਰ 'ਤੇ ਭਰੀ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ। ਇਸੇ ਤਰ੍ਹਾਂ ਉਪ ਮੇਅਰ ਲਈ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਖਿਲਾਫ ਰਵੀਕਾਂਤ ਸ਼ਰਮਾ ਨੇ ਵੀ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ। ਭਾਜਪਾ ਵਿੱਚ ਉੱਭਰੀ ਇਸ ਫੁੱਟ 'ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਕਿਹਾ ਕਿ ਇਸ ਨਾਲ ਪਾਰਟੀ ਦਾ ਅਕਸ ਵਿਗੜਿਆ ਹੈ।