ਚੰਡੀਗੜ੍ਹ: ਪੰਜਾਬੀ ਗਾਇਕ ਜੱਸ ਬਾਜਵਾ ਤੇ ਸੋਨੀਆ ਮਾਨ ਖਿਲਾਫ ਕੇਸ ਦਰਜ ਕਰਕੇ ਚੰਡੀਗੜ੍ਹ ਪੁਲਿਸ ਕਸੂਤੀ ਘਿਰ ਗਈ ਹੈ। ਪੁਲਿਸ ਨੇ ਦੋਵਾਂ ਕਲਾਕਾਰਾਂ ਸਣੇ ਕਈ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕੀਤੇ ਹਨ। ਗਾਇਕ ਜੱਸ ਬਾਜਵਾ ਤੇ ਸੋਨੀਆ ਮਾਨ ਨੇ ਇਸ ਉੱਪਰ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਉਹ ਤਾਂ 26 ਜੂਨ ਨੂੰ ਸਾਰਾ ਦਿਨ ਪੰਚਕੂਲਾ ਸਥਿਤ ਗੁਰਦੁਆਰਾ ਨਾਢਾ ਸਾਹਿਬ ਤੋਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸੀ ਜਿੱਥੇ ਕੋਈ ਵੀ ਬੈਰੀਕੇਡ ਤੋੜਿਆ ਹੀ ਨਹੀਂ ਗਿਆ।
ਉਨ੍ਹਾਂ ਕਿਹਾ ਕਿ 26 ਜੂਨ ਨੂੰ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਉਹ ਪੰਚਕੂਲਾ ਸਥਿਤ ਗੁਰਦੁਆਰਾ ਨਾਢਾ ਸਾਹਿਬ ਤੋਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸੀ। ਉਹ ਦਿਨ ਭਰ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚੜੂਨੀ ਤੇ ਯੋਗੇਂਦਰ ਯਾਦਵ ਨਾਲ ਰੋਸ ਮਾਰਚ ਵਿੱਚ ਸ਼ਾਮਲ ਰਹੇ। ਉਨ੍ਹਾਂ ਕਿਹਾ ਕਿ ਉਹ 26 ਜੂਨ ਨੂੰ ਚੰਡੀਗੜ੍ਹ ਵਿੱਚ ਦਾਖਲ ਹੀ ਨਹੀਂ ਹੋਏ, ਫਿਰ ਸੈਕਟਰ-17 ਥਾਣੇ ਵਿੱਚ ਉਨ੍ਹਾਂ ਖਿਲਾਫ਼ ਕੇਸ ਕਿਵੇਂ ਦਰਜ ਹੋ ਗਿਆ।
ਜੱਸ ਬਾਜਵਾ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਚੰਡੀਗੜ੍ਹ ਵਿੱਚ ਦਾਖ਼ਲੇ ਸਬੰਧੀ ਸਬੂਤ ਦਿਖਾਏ ਤਾਂ ਉਹ ਖ਼ੁਦ ਪੁਲਿਸ ਅੱਗੇ ਪੇਸ਼ ਹੋ ਜਾਣਗੇ। ਉਧਰ ਸੋਨੀਆ ਮਾਨ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਝੂਠੇ ਪੁਲਿਸ ਕੇਸ ਦਰਜ ਕਰਕੇ ਕਿਸਾਨ ਹਮਾਇਤੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਝੂਠੇ ਕੇਸਾਂ ਤੋਂ ਦਬਣ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੀ ਰਹੇਗੀ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਸ਼ਨਿੱਚਰਵਾਰ ਨੂੰ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਪੁਲਿਸ ਦੀਆਂ ਰੋਕਾਂ ਤੋੜ ਕੇ ਸ਼ਹਿਰ ਵਿੱਚ ਦਾਖਲ ਹੋਣ ਸਬੰਧੀ ਚੰਡੀਗੜ੍ਹ ਪੁਲਿਸ ਨੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਪੰਜਾਬੀ ਗਾਇਕ ਜੱਸ ਬਾਜਵਾ, ਸੋਨੀਆ ਮਾਨ ਸਣੇ ਦਰਜਨਾਂ ਕਿਸਾਨ ਆਗੂਆਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ 5 ਕੇਸ ਦਰਜ ਕੀਤੇ ਹਨ।
ਪੁਲਿਸ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪੁਲੀਸ ਦੇ ਬੈਰੀਕੇਡ ਤੋੜ ਕੇ ਸ਼ਹਿਰ ਵਿੱਚ ਦਾਖਲ ਹੋਏ। ਪੁਲਿਸ ਨਾਲ ਖਿੱਚ-ਧੂਹ ਕਰਦਿਆਂ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕੀਤੀ। ਕਿਸਾਨ ਆਗੂਆਂ ਖ਼ਿਲਾਫ਼ ਸੈਕਟਰ-36 ਤੇ 17 ਦੇ ਥਾਣਿਆਂ ਵਿੱਚ ਦੋ-ਦੋ ਤੇ ਇਕ ਕੇਸ ਸੈਕਟਰ-3 ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਉਧਰ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਪੁਲਿਸ ਦੀ ਕਿਸਾਨ ਵਿਰੋਧੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਕੇਸ ਵਾਪਸ ਨਾ ਲੈਣ ਦੀ ਸੂਰਤ ’ਚ ਮੋਰਚੇ ਵੱਲੋਂ ਕੇਸਾਂ ਦੀ ਪੈਰਵੀ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin