Chandigarh Traffic Rules: ਚੰਡੀਗੜ੍ਹ ਵਿੱਚ ਹੁਣ ਦਸਤਾਰ ਨਾ ਪਹਿਨਣ ਵਾਲੀਆਂ ਸਿੱਖ ਔਰਤਾਂ ਨੂੰ ਹੁਣ ਹੈਲਮੇਟ ਪਾਉਣ ਤੋਂ ਛੋਟ ਨਹੀਂ ਮਿਲੇਗੀ। ਇਸ ਸਬੰਧੀ ਯੂਟੀ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਹੋਈ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ।


ਜ਼ਿਕਰਯੋਗ ਹੈ ਕਿ 6 ਜੁਲਾਈ, 2018 ਨੂੰ, ਯੂਟੀ ਨੇ ਸਾਰੀਆਂ ਔਰਤਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣ ਦੇ ਪੁਰਾਣੇ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਸਿਰਫ਼ ਦਸਤਾਰ ਪਹਿਨਣ ਵਾਲੀਆਂ ਸਿੱਖ ਔਰਤਾਂ ਨੂੰ ਹੀ ਛੋਟ ਦਿੱਤੀ ਸੀ। ਅਕਤੂਬਰ 2018 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਸ਼ਾਸਨ ਨੂੰ ਚੰਡੀਗੜ੍ਹ ਵਿੱਚ ਦੋਪਹੀਆ ਵਾਹਨ ਜਾਂ ਸਵਾਰੀ ਕਰਦੇ ਸਮੇਂ ਸਿੱਖ ਔਰਤਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣ ਦੀ ਸਲਾਹ ਦਿੱਤੀ।


ਦਸੰਬਰ 2018 ਦੇ ਇੱਕ ਨੋਟੀਫਿਕੇਸ਼ਨ ਦੇ ਤਹਿਤ, ਪ੍ਰਸ਼ਾਸਨ ਨੇ ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ, ਭਾਵੇਂ ਉਹ ਪੱਗ ਨਹੀਂ ਪਹਿਨਦੀਆਂ ਸਨ। ਯੂਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਪਹਿਲਾਂ ਦੀ ਨੋਟੀਫਿਕੇਸ਼ਨ ਨੂੰ ਸੋਧ ਕੇ ਕੇਂਦਰੀ ਮੋਟਰ ਵਾਹਨ ਨਿਯਮਾਂ ਨੂੰ ਲਾਗੂ ਕਰਨਗੇ। ਅਧਿਕਾਰੀ ਨੇ ਕਿਹਾ ਕਿ ਹੁਣ ਸਿੱਖ ਔਰਤਾਂ ਦਾ ਬਿਨਾਂ ਹੈਲਮੇਟ ਦੇ ਸਵਾਰੀ ਕਰਨ 'ਤੇ ਚਲਾਨ ਕੱਟਿਆ ਜਾਵੇਗਾ ਜੇਕਰ ਉਨ੍ਹਾਂ ਨੇ ਪੱਗ ਨਹੀਂ ਬੰਨ੍ਹੀ ਹੈ। ਇਸ ਦਾ ਮਤਲਬ ਹੈ 'ਕੌਰ' ਲਾਉਣ ਵਾਲੀਆਂ ਹਰ ਔਰਤਾਂ ਨੂੰ ਹੈਲਮੈੱਟ ਨਾ ਪਹਿਨਣ ਲਈ ਛੂਟ ਨਹੀਂ ਹੋਵੇਗੀ।  


ਐਸਐਸਪੀ (ਟਰੈਫਿਕ) ਮਨੀਸ਼ਾ ਚੌਧਰੀ ਨੇ ਕਿਹਾ, "ਅਸੀਂ ਕੇਂਦਰੀ ਮੋਟਰ ਵਹੀਕਲ ਨਿਯਮਾਂ ਵਿੱਚ ਦਿੱਤੇ ਸਮਾਨ ਵਿਵਸਥਾ ਦੀ ਤਜਵੀਜ਼ ਕੀਤੀ ਹੈ, ਅਰਥਾਤ ਸਿਰਫ਼ ਦਸਤਾਰ ਪਹਿਨਣ ਵਾਲੇ ਸਿੱਖ ਵਿਅਕਤੀਆਂ (ਮਰਦਾਂ ਅਤੇ ਔਰਤਾਂ) ਲਈ ਹੈਲਮੇਟ ਪਹਿਨਣ ਤੋਂ ਛੋਟ ਹੈ"। ਇੱਕ ਹੋਰ ਵੱਡੇ ਫੈਸਲੇ ਵਿੱਚ, ਯੂਟੀ ਪ੍ਰਸ਼ਾਸਨ ਨੇ ਸੱਤ ਸੜਕਾਂ ਨੂੰ "ਨੋ ਸਟਾਪਿੰਗ" ਅਤੇ "ਨੋ ਪਾਰਕਿੰਗ" ਜ਼ੋਨ ਘੋਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਸ ਫੈਸਲੇ ਬਾਰੇ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ਇਸ ਦੌਰਾਨ, ਯੂਟੀ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਨਿਰਧਾਰਤ ਸਮੇਂ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।