ਚੰਡੀਗੜ੍ਹ : ਚੰਡੀਗੜ੍ਹ (Chandigarh) ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI ) ਵਿੱਚ ਅੱਜ ਯਾਨੀ ਵੀਰਵਾਰ ਨੂੰ ਵੀ ਆਯੁਸ਼ਮਾਨ ਕਾਰਡ ਸਕੀਮ ਤਹਿਤ ਮਰੀਜ਼ਾਂ ਦਾ ਮੁਫ਼ਤ ਇਲਾਜ਼ ਸ਼ੁਰੂ ਨਹੀਂ ਹੋਇਆ ਹੈ। ਇਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੀਮ ਤਹਿਤ ਇਲਾਜ ਨਾ ਮਿਲਣ ਕਾਰਨ ਗਰੀਬ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹਨ।
ਦਵਾਈਆਂ 'ਤੇ ਖਰਚੇ ਹੁੰਦੇ ਹਜ਼ਾਰਾਂ ਰੁਪਏ : ਮਰੀਜ਼
ਹਸਪਤਾਲ ਵਿੱਚ ਦਾਖ਼ਲ ਮਰੀਜ਼ ਲਖਵੀਰ ਕੌਰ ਨੇ ਦੱਸਿਆ ਕਿ ਉਸ ਦੀ ਬਿਮਾਰੀ ਦੇ ਇਲਾਜ ਲਈ ਮਹੀਨੇ ਵਿੱਚ 3 ਹਜ਼ਾਰ ਦਵਾਈਆਂ ਆਉਂਦੀਆਂ ਹਨ। ਜਿਸ ਨਾਲ ਸਾਨੂੰ ਬਹੁਤ ਮੁਸ਼ਕਿਲ ਆ ਰਹੀ ਹੈ। ਉਸ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਉਹ ਮਹਿੰਗੇ ਇਲਾਜ ਅਤੇ ਦਵਾਈਆਂ ਲਈ ਪੈਸੇ ਕਿੱਥੋਂ ਲਿਆਉਣਗੇ?
ਇਲਾਜ ਲਈ ਦਰ -ਦਰ ਭਟਕ ਰਹੇ ਆਪ ਵਰਕਰ
ਇਸ ਦੇ ਨਾਲ ਹੀ ਇਕ ਹੋਰ ਮਰੀਜ਼ ਦੇ ਰਿਸ਼ਤੇਦਾਰ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੁਝ ਨਹੀਂ ਕੀਤਾ। ਜੇ ਕੁਝ ਹੋ ਜਾਂਦਾ ਤਾਂ ਇਲਾਜ ਸ਼ੁਰੂ ਹੋ ਜਾਣਾ ਸੀ। ਸਰਕਾਰ ਨੇ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਜਲਦੀ ਤੋਂ ਜਲਦੀ ਬਿਆਨ ਜਾਰੀ ਕਰ ਦਿੱਤਾ ਹੈ। ਅਸੀਂ ਆਪ ਦੇ ਵਰਕਰ ਹਾਂ, ਫਿਰ ਵੀ ਦਰ -ਦਰ ਭਟਕ ਰਹੇ ਹਾਂ। ਸਾਡੀ ਸਰਕਾਰ ਹੋਣ ਦੇ ਬਾਵਜੂਦ ਅਸੀਂ ਇਲਾਜ ਲਈ ਧੱਕੇ ਖਾ ਰਹੇ ਹਾਂ।
ਬੱਚੇ ਦੇ ਅਪਰੇਸ਼ਨ ਲਈ ਇਕੱਠੇ ਕੀਤੇ ਪੈਸੇ
ਇਸ ਤੋਂ ਇਲਾਵਾ ਇੱਕ ਮਰੀਜ਼ ਨੇ ਦੱਸਿਆ ਕਿ ਮੈਂ ਪਟਿਆਲਾ ਤੋਂ ਆਇਆ ਹਾਂ ਅਤੇ ਇੱਥੇ ਆ ਕੇ ਪਤਾ ਲੱਗਾ ਕਿ ਕਾਰਡ ਕੰਮ ਨਹੀਂ ਕਰ ਰਿਹਾ। ਸਾਡਾ ਇੱਕ ਤਿੰਨ ਸਾਲ ਦਾ ਲੜਕਾ ਹੈ ,ਜਿਸ ਦੇ ਦਿਲ ਵਿੱਚ ਛੇਕ ਸੀ ਅਤੇ ਉਸ ਦਾ ਅਪਰੇਸ਼ਨ ਕਰਨਾ ਪਿਆ ਸੀ। ਦੂਜੇ ਪਾਸੇ ਕਾਰਡ ਕੰਮ ਨਾ ਹੋਣ 'ਤੇ ਪੀ.ਜੀ.ਆਈ ਨੇ ਮੌਕੇ 'ਤੇ ਪੈਸੇ ਮੰਗੇ। ਜਿਸ ਤੋਂ ਬਾਅਦ ਮੈਂ ਬੜੀ ਮੁਸ਼ਕਲ ਨਾਲ 45 ਹਜ਼ਾਰ ਰੁਪਏ ਇਕੱਠੇ ਕੀਤੇ ਅਤੇ ਡਾਕਟਰਾਂ ਨੂੰ ਦੇ ਦਿੱਤੇ। ਫਿਰ ਬੱਚੇ ਦਾ ਇਲਾਜ ਸ਼ੁਰੂ ਹੋਇਆ।