ਸ੍ਰੀ ਅਨੰਦਪੁਰ ਸਾਹਿਬ: ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਾਂਗਰਸ ਧੱਕਾਸ਼ਾਹੀ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਚੋਣਾਂ ਜਿੱਤੀ ਹੈ। ਪੂਰੇ ਦੇਸ਼ ਨੇ ਕਾਂਗਰਸ ਨੂੰ ਨਕਾਰਿਆ ਪਰ ਪੰਜਾਬ ਵਿੱਚ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਤੋਂ ਉਨ੍ਹਾਂ ਦੀ ਹਾਰ ਇਸ ਲਈ ਹੋਈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਸ ਵਿੱਚ ਮਿਲੇ ਹੋਏ ਸਨ। ਉਨ੍ਹਾਂ ਕਿਹਾ ਕਿ ਹੁਣ ਉਹ ਗਰਾਊਂਡ ਲੈਵਲ ਤੋਂ ਆਪਣੇ ਨਾਰਾਜ਼ ਵਰਕਰਾਂ ਨੂੰ ਮਨਾਉਣਗੇ।


ਉਨ੍ਹਾਂ ਕਿਹਾ ਕਿ ਜਿਹੜੇ ਉਨ੍ਹਾਂ ਦੇ ਵਰਕਰ ਨਾਰਾਜ਼ ਹੋ ਕੇ ਕਾਂਗਰਸ ਵੱਲ ਚਲੇ ਗਏ ਸੀ, ਉਹ ਗਰਾਊਂਡ ਲੈਵਲ 'ਤੇ ਪਿੰਡ-ਪਿੰਡ ਜਾ ਕੇ ਆਪਣੇ ਵਰਕਰਾਂ ਨੂੰ ਮਨਾਉਣਗੇ ਤੇ ਵਾਪਸ ਪਾਰਟੀ ਵਿੱਚ ਲਿਆਉਣਗੇ। ਲੋਕਾਂ ਨੇ ਮੋਦੀ ਸਰਕਾਰ ਦੀ ਸੋਚ ਤੇ ਕੰਮ ਨੂੰ ਅਪਣਾਉਂਦਿਆਂ ਮੁੜ ਪੀਐਮ ਮੋਦੀ ਦੀ ਸਰਕਾਰ ਲਿਆਂਦੀ ਹੈ ਕਿਉਂਕਿ ਇੱਕ ਮੋਦੀ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦੇ ਹਨ।

ਰਾਹੁਲ ਗਾਂਧੀ ਤੇ ਸੁਨੀਲ ਜਾਖੜ ਦੇ ਅਸਤੀਫੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਤਾਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਮੋਦੀ ਸਰਕਾਰ ਆਉਂਦਿਆਂ ਹੀ ਕਾਂਗਰਸ ਤਾਸ਼ ਦੇ ਪੱਤਿਆਂ ਵਾਂਗ ਖਿੰਡ ਜਾਏਗੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਰਕਾਰੀ ਦਬਦਬੇ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਡਰਾਇਆ-ਧਮਕਾਇਆ ਹੈ। ਪਰਚੇ ਦਰਜ ਕਰਨ ਦੀ ਗੱਲ ਕੀਤੀ। ਆਉਣ ਵਾਲੇ ਸਮੇਂ ਵਿੱਚ ਕੈਪਟਨ ਨੂੰ ਇਸ ਦਾ ਭੁਗਤਾਨ ਕਰਨਾ ਪਏਗਾ।

ਕੈਪਟਨ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਹੈ ਕਿ ਜੇਕਰ ਬਿਜਲੀ ਦੇ ਰੇਟ ਵਧਾਉਣ ਵਾਲਾ ਨੋਟੀਫਿਕੇਸ਼ਨ ਵਾਪਸ ਨਾ ਲਿਆ ਤਾਂ ਪਹਿਲੀ ਜੂਨ ਤੋਂ ਅਕਾਲੀ ਦਲ ਸੜਕਾਂ 'ਤੇ ਉੱਤਰ ਆਏਗਾ। ਦੱਸ ਦੇਈਏ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਤੇਲ, ਦਾਲਾਂ, ਦੁੱਧ ਤੇ ਖਾਣ-ਪੀਣ ਦੀਆਂ ਹੋਰ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ। ਇਸ ਨਾਲ ਆਮ ਲੋਕਾਂ ਦੀ ਜੇਬ 'ਤੇ ਕਾਫੀ ਅਸਰ ਪੈਣ ਵਾਲਾ ਹੈ।