ਚੰਡੀਗੜ੍ਹ: ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਨਾਲ ਪੰਜਾਬੀਆਂ ਅੰਦਰ ਸੋਗ ਦੀ ਲਹਿਰ ਹੈ। ਕਲਾਕਾਰਾਂ ਨੇ ਨਾਲ ਹੀ ਸਿਆਸੀ ਤੇ ਸਮਾਜਿਕ ਲੀਡਰਾਂ ਨੇ ਦੁੱਖ ਜਾਹਰ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਇਸ ਨੂੰ ਵੱਡਾ ਘਾਟਾ ਦੱਸਿਆ।

[blurb]





[/blurb]

ਪ੍ਰੈੱਸ ਬਿਆਨ ਵਿੱਚ ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ।

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾਂ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਰੰਧਾਵਾ ਤੇਪਰਗਟ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਿਆਂ ਗੁਰਮੀਤ ਬਾਵਾ ਦੇ ਪਰਿਵਾਰ, ਸਾਕ-ਸਨੇਹੀਆਂ ਤੇ ਪ੍ਰਸੰਸਕਾਂ ਨਾਲ ਦੁੱਖ ਵੀ ਸਾਂਝਾ ਕੀਤਾ।