Punjab News: ਪੰਥਕ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਚਰਨਜੀਤ ਬਰਾੜ ਹੁਣ ਬੀਜੇਪੀ ਵਿੱਚ ਜਾ ਕੇ ਪੰਥ ਦੀ ਸੇਵਾ ਕਰਨਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉਪਰ ਨਵਾਂ ਅਕਾਲੀ ਦਲ ਪੁਨਰ ਸੁਰਜੀਤ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਚਰਨਜੀਤ ਬਰਾੜ ਹੁਣ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਲੰਘੇ ਦਿਨੀਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ ਦੇ ਦਿੱਤਾ ਸੀ। 

Continues below advertisement

ਪਾਰਟੀ ਛੱਡਣ ਵੇਲੇ ਚਰਨਜੀਤ ਬਰਾੜ ਨੇ ਕਿਹਾ ਸੀ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਨਵੀਂ ਪਾਰਟੀ ਦੀ ਪੁਨਰ ਸੁਰਜੀਤੀ ਵਿੱਚ ਵੀ ਸਿਧਾਤਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ। ਪਾਰਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜ ਮਹੀਨੇ ਵਿੱਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ ਤੇ ਕਿਤੇ ਵੀ ਲੜਦੇ ਨਜ਼ਰ ਨਹੀਂ ਆਏ ਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪ੍ਰੋਗਰਾਮ ਦਿੱਤਾ ਗਿਆ ਜਿਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਪਗ ਟੁੱਟ ਚੁੱਕਿਆ ਹੈ। 

Continues below advertisement

ਬਾਰੜ ਨੇ ਕਿਹਾ ਸੀ ਕਿ ਇਸੇ ਕਰਕੇ ਹੀ ਮੈਂ 13 ਅਕਤੂਬਰ 2025 ਤੋਂ ਕੰਮ ਛੱਡ ਕੇ ਚੁੱਪ-ਚਾਪ ਘਰ ਬੈਠ ਗਿਆ ਸੀ ਪਰ ਜਿੰਦਗੀ ਬੈਠਣ ਦਾ ਨਾਮ ਨਹੀਂ ਇਹ ਪਹੀਆ ਚਲਦਾ ਰਹੇ ਫਿਰ ਜਿੰਦਗੀ ਕਹਾਉਂਦਾ ਹੈ। ਵਾਹਿਗੁਰੂ ਸਾਹਿਬ ਜੀ ਜਿਥੇ ਚਾਹੁੰਣਗੇ ਉਥੇ ਆਉਣ ਵਾਲੇ ਸਮੇਂ ਵਿੱਚ ਪੰਥ ਤੇ ਪੰਜਾਬ ਲਈ ਸੇਵਾ ਲੈ ਲੈਣਗੇ। ਇਸ ਮਗਰੋਂ ਹੀ ਚਰਚਾ ਛਿੜ ਗਈ ਸੀ ਕਿ ਚਰਨਜੀਤ ਬਰਾੜ ਕਿਸੇ ਹੋਰ ਸਿਆਸੀ ਪਾਰਟੀ ਦਾ ਪਲੜਾ ਫੜਨਗੇ।

ਦਰਅਸਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਆਪਣੇ ਪਰਿਵਾਰ ਦਾ ਲਗਾਤਾਰ ਵਿਸਥਾਰ ਕਰ ਰਹੀ ਹੈ। ਇਸ ਤਹਿਤ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਅੱਜ ਚੰਡੀਗੜ੍ਹ ਭਾਜਪਾ ਦਫ਼ਤਰ ਵਿਖੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਬਰਾੜ ਨੂੰ ਵੀ ਭਾਜਪਾ ਵਿੱਚ ਸ਼ਾਮਲ ਕੀਤਾ। ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਓਂਕਾਰ ਸਿੱਧੂ ਵੀ ਪਾਰਟੀ ਵਿੱਚ ਸ਼ਾਮਲ ਹੋਏ। ਕੋਟਕਪੂਰਾ ਤੋਂ ਸਾਬਕਾ ਵਿਧਾਇਕ ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ ਵੀ ਭਾਜਪਾ ਵਿੱਚ ਸ਼ਾਮਲ ਹੋਏ। ਜਗਮੀਤ ਬਰਾੜ ਨੇ 2022 ਵਿੱਚ ਮੌੜ ਮੰਡੀ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੀ ਟਿਕਟ 'ਤੇ ਲੜੀਆਂ ਸਨ।

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਪਰਿਵਾਰ ਦਾ ਵਿਸਥਾਰ ਹੋਇਆ ਹੈ ਤੇ ਜੋ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ, ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਇਨ੍ਹਾਂ ਚਾਰਾਂ ਨੇ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡੀ ਹੈ। ਅੱਜ ਪੰਜਾਬ ਦੇ ਲੋਕ ਚਿੰਤਤ ਹਨ। ਕੋਈ ਵੀ ਸੁਰੱਖਿਅਤ ਨਹੀਂ। ਲੋਕ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਮੌਜੂਦਾ ਸਥਿਤੀ ਵਿੱਚ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਸਕਦੀ ਹੈ। ਹੁਣ ਮੁੱਖ ਮੰਤਰੀ ਦਾ ਅਹੁਦਾ ਵੀ ਗਿਰਵੀ ਹੈ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡਾ ਪਰਿਵਾਰ ਪੰਜਾਬ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਭਾਜਪਾ ਵਿੱਚ ਕਈ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਜਗਜੀਤ ਬਰਾੜ, ਸਾਬਕਾ ਵਿਧਾਇਕ ਰਿਪਜੀਤ ਬਰਾੜ, ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਤੇ ਮੌਜੂਦਾ ਮੁੱਖ ਮੰਤਰੀ ਦੇ ਓਐਸਡੀ ਓਂਕਾਰ ਸਿੰਘ ਸ਼ਾਮਲ ਹਨ। ਮੈਂ ਉਨ੍ਹਾਂ ਦਾ ਪੰਜਾਬ ਦੀ ਭਲਾਈ ਲਈ ਕਦਮ ਚੁੱਕਣ ਲਈ ਧੰਨਵਾਦ ਕਰਦਾ ਹਾਂ।