ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਲਿਸਟ ਤਿਆਰ ਹੋ ਗਈ ਹੈ। ਇਹ ਸੂਚੀ ਉੱਪਰ ਹਾਈਕਮਾਨ ਦੀ ਮੋਹਰ ਵੀ ਲੱਗ ਗਈ ਹੈ। ਇਸ ਨੂੰ ਕਿਸੇ ਵੀ ਵੇਲੇ ਜਾਰੀ ਕੀਤਾ ਜਾ ਸਕਦਾ ਹੈ। ਨਵੇਂ ਮੰਤਰੀ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਸਵੇਰੇ ਸਹੁੰ ਚੁੱਕ ਸਕਦੇ ਹਨ। ਚੰਨੀ ਦੀ ਵਜ਼ਾਰਤ ਵਿੱਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਕੈਪਟਨ ਵਜ਼ਾਰਤ ਦੇ ਕਈ ਮੰਤਰੀਆਂ ਦੀ ਕੁਰਸੀ ਵੀ ਬਚ ਗਈ ਹੈ।


ਸੂਤਰਾਂ ਮੁਤਾਬਕ ਸ਼ੁੱਕਰਵਾਰ ਤੜਕੇ 2 ਵਜੇ ਤੱਕ ਲੰਮੀ ਚਰਚਾ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮੰਤਰੀ ਮੰਡਲ ਵਿੱਚ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਹਾਈਕਮਾਨ ਨੇ ਕੱਲ੍ਹ ਹੀ ਚੰਨੀ ਨੂੰ ਦਿੱਲ਼ੀ ਬੁਲਾ ਲਿਆ ਸੀ। ਇਸ ਮਗਰੋਂ ਚੰਨੀ ਨਾਲ ਸਾਰੀ ਰਾਤ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਚੰਨੀ ਵੱਲੋਂ ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਫਾਈਨਲ ਲਿਸਟ ਨੂੰ ਮਨਜ਼ੂਰੀ ਮਿਲੀ।


ਸੂਤਰਾਂ ਮੁਤਾਬਕ ਵੱਖ-ਵੱਖ ਮੰਤਰੀਆਂ ਦੇ ਵਿਭਾਗਾਂ ਦਾ ਵੀ ਫੈਸਲਾ ਕੀਤਾ ਗਿਆ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਅੱਜ ਤੜਕੇ ਚੰਡੀਗੜ੍ਹ ਲਈ ਰਵਾਨਾ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਮੰਤਰੀ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਸਵੇਰੇ ਸਹੁੰ ਚੁੱਕ ਸਕਦੇ ਹਨ।


ਨਵੇਂ ਮੰਤਰੀਆਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਨਾਭਾ, ਪ੍ਰਗਟ ਸਿੰਘ ਤੇ ਸੁਰਜੀਤ ਧੀਮਾਨ ਦੇ ਨਾਵਾਂ ਦੀ ਚਰਚਾ ਹੈ। ਕੈਪਟਨ ਮੰਤਰੀ ਮੰਡਲ ਦੇ ਸੱਤ ਮੰਤਰੀਆਂ ਦੀਆਂ ਕੁਰਸੀਆਂ ਬਚ ਗਈਆਂ ਹਨ। ਉਂਝ ਕਾਂਗਰਸ ਅਜੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ।


ਪੰਜਾਬ ਕੈਬਨਿਟ ਵਿਸਥਾਰ 'ਚ ਕਾਂਗਰਸ ਪਾਰਟੀ ਨੇ ਤਿੰਨ ਗੱਲਾਂ ਦਾ ਧਿਆਨ ਰੱਖਿਆ ਹੈ:


ਪਹਿਲਾ- ਪੰਜਾਬ 'ਚ ਕੈਬਨਿਟ ਵਿਸਥਾਰ 'ਚ ਵੀ ਸਮਾਜਿਕ ਆਧਾਰ ਨੂੰ ਸਾਧਿਆ ਜਾਵੇ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਮਜਬੂਤੀ ਨਾਲ ਚੋਣ ਮੈਦਾਨ 'ਚ ਉੱਤਰੇ ਤੇ ਜਿੱਤ ਦਰਜ ਕਰੇ।


ਦੂਜਾ- ਕੈਬਨਿਟ ਵਿਸਥਾਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਿਧਾਇਕਾਂ ਨੂੰ ਵੀ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਚ ਕਿਸੇ ਤਰ੍ਹਾਂ ਦਾ ਵਿਰੋਧ ਪੰਜਾਬ 'ਚ ਨਾ ਹੋਵੇ।


ਕੈਬਨਿਟ ਵਿਸਥਾਰ 'ਚ ਕਈ ਅਜਿਹੇ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ ਜੋ ਸਿੱਧੂ-ਕੈਪਟਨ ਦੀ ਲੜਾਈ 'ਚ ਕੈਪਟਨ ਨਾਲ ਦਿਖਦੇ ਰਹੇ ਹਨ। ਇਹੀ ਵਜ੍ਹਾ ਹੈ ਕਿ ਕੈਬਨਿਟ ਵਿਸਥਾਰ 'ਚ ਕੈਪਟਨ ਦੇ ਕਰੀਬੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਲੀਡਰਾਂ ਨਾਲ ਵੀ ਸੰਪਰਕ ਕਾਇਮ ਕੀਤਾ ਗਿਆ ਤੇ ਮੰਤਰੀ ਮੰਡਲ ਦੇ ਵਿਸਥਾਰ ਲਈ ਉਨ੍ਹਾਂ ਦਾ ਸਲਾਹ ਲਈ ਗਈ।


ਤੀਜਾ- ਕੈਬਨਿਟ ਵਿਸਥਾਰ 'ਚ ਸੱਤਾ ਵਿਰੋਧੀ ਲਹਿਰ ਨੂੰ ਘੱਟ ਕਰਨ ਦੀ ਕਵਾਇਦ ਵੀ ਕੀਤੀ ਗਈ। ਕਾਂਗਰਸ ਪਾਰਟੀ ਦਾ ਤਰਕ ਰਿਹਾ ਹੈ ਕਿ ਕੈਪਟਨ ਦੇ ਸਾਢੇ 4 ਸਾਲ ਦੇ ਸ਼ਾਸਨ ਕਾਲ 'ਚ ਸਰਕਾਰ ਖ਼ਿਲਾਫ ਸੱਤਾ ਵਿਰੋਧੀ ਲਹਿਰ ਰਹੀ ਹੈ। ਇਸ ਲਈ ਮੰਤਰੀ ਮੰਡਲ ਵਿਸਥਾਰ 'ਚ ਨਵੇਂ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।