ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਬਾਗ਼ੀ ਰਹਿ ਚੁੱਕੇ ਹਨ। ਹਾਲਾਂਕਿ ਨਿੱਜੀ ਤੌਰ 'ਤੇ ਉਹ ਕਾਫੀ ਜ਼ਮੀਨੀ ਪੱਧਰ ਦੇ ਨੇਤਾ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਨ ਇਹ ਹੈ ਕਿ ਹੁਣ ਤਕ ਉਹ ਆਪਣੀ ਕਾਰ ਖੁਦ ਚਲਾਉਂਦੇ ਰਹੇ ਹਨ। ਉਹ ਬੇਹੱਦ ਮਿਲਣਸਾਰ ਹਨ ਤੇ ਆਮ ਲੋਕਾਂ ਵਿੱਚ ਵਿਚਰਦੇ ਹਨ। ਇਸ ਕਾਰਨ ਹੀ ਚੰਨੀ ਨੇ ਘੱਟ ਸੁਰੱਖਿਆ ਲੈਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਆਮ ਲੋਕਾਂ ਵਿੱਚ ਵਿਚਰ ਸਕਣ।
ਸਾਲ 2007 'ਚ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ ਚੋਣ
ਪੰਜਾਬ ਕਾਂਗਰਸ ਦੇ ਦਲਿਤ ਚਿਹਰੇ ਵਜੋਂ ਉੱਭਰੇ ਚਰਨਜੀਤ ਸਿੰਘ ਚੰਨੀ ਨੇ ਸਾਲ 2007 'ਚ ਚਮਕੌਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਦੋਂ ਉਨ੍ਹਾਂ ਨੇ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਪਾਰਟੀ ਦੇ ਅਧਿਕਾਰਤ ਉਮੀਦਵਾਰ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸਾਲ 2010 'ਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਂਗਰਸ 'ਚ ਲਿਆਂਦਾ ਸੀ।
ਉਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਸਾਲ 2012 'ਚ ਯੂਥ ਕਾਂਗਰਸ 'ਚ ਰਹਿਣ ਸਮੇਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਬਹੁਤ ਨੇੜਤਾ ਸੀ, ਜਿਸ ਦਾ ਹੁਣ ਉਨ੍ਹਾਂ ਨੂੰ ਲਾਭ ਮਿਲਿਆ ਹੈ। 2012 'ਚ ਯੂਥ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਸਮੇਂ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਨੇੜਤਾ ਵਧੀ, ਜਿਸ ਤੋਂ ਬਾਅਦ ਉਹ ਲਗਾਤਾਰ ਕਾਂਗਰਸ 'ਚ ਹੀ ਬਣੇ ਹੋਏ ਹਨ। ਸਾਲ 2012 'ਚ ਪਾਰਟੀ ਨੇ ਉਨ੍ਹਾਂ ਨੂੰ ਦੁਬਾਰਾ ਚਮਕੌਰ ਸਾਹਿਬ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ। ਚੰਨੀ ਨੇ 2017 ਚੋਣਾਂ 'ਚ ਫਿਰ ਆਪਣੇ ਵਿਰੋਧੀ ਨੂੰ ਨੇੜਲੇ ਮੁਕਾਬਲੇ 'ਚ ਹਰਾ ਕੇ ਦਾਅਵੇਦਾਰੀ ਪੇਸ਼ ਕੀਤੀ।
ਖਰੜ ਦੇ ਤਿੰਨ ਵਾਰ ਕੌਂਸਲਰ ਰਹੇ
ਚੰਨੀ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਖਰੜ ਨਗਰ ਕੌਂਸਲ ਦੇ ਕੌਂਸਲਰ ਦੀ ਚੋਣ ਲੜ ਕੇ ਕੀਤੀ ਸੀ। ਉਨ੍ਹਾਂ ਨੇ 3 ਵਾਰ ਕੌਂਸਲਰ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਕ ਵਾਰ ਉਹ ਖਰੜ ਨਗਰ ਕੌਂਸਲ ਦੇ ਪ੍ਰਧਾਨ ਵੀ ਬਣੇ ਸਨ।