ਪੰਜਾਬ ਅਤੇ ਕੇਂਦਰ ਦੀਆਂ ਮੌਜੂਦਾ ਸਰਕਾਰਾਂ ਕਿਸਾਨੀ ਅਤੇ ਮਜ਼ਦੂਰਾਂ ਨੂੰ ਖ਼ਤਮ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਹਨ ਤੇ ਸਰਕਾਰਾਂ ਇਹ ਮਸਲੇ ਹੱਲ ਹੀ ਨਹੀਂ ਕਰਨਾ ਚਾਹੁੰਦੀਆਂ ਹਨ ਜਿਸ ਕਾਰਨ ਕਿਸਾਨ ਲਗਾਤਾਰ ਸੰਘਰਸ਼ ਦੇ ਰਸਤੇ ਤੇ ਹੀ ਪਏ ਹੋਏ ਹਨ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਹਲਕੇ ਦੇ ਕਿਸ਼ਨਗੜ੍ਹ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲਾਂ ਸ.ਚਰਨਜੀਤ ਸਿੰਘ ਚੰਨੀ ਹਲਕਾ ਨਕੋਦਰ ਦੇ ਪਿੰਡ ਉੱਘੀ ਵਿਖੇ ਭਗਵਾਨ ਵਾਲਮੀਕਿ ਯੋਗ ਆਸ਼ਰਮ ਵਿਖੇ ਨਤਮਸਤਕ ਹੋਏ ਤੇ ਇਥੇ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਤੋਂ ਆਸ਼ੀਰਵਾਦ ਲਿਆ।ਇਸ ਦੌਰੇ ਦੌਰਾਨ ਕਈ ਲੋਕ ਭਾਜਪਾ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋ ਗਏ। ਇਸ ਦੌਰਾਨ ਹਲਕਾ ਇੰਚਾਰਜ ਡਾ. ਨਵਜੋਤ ਦਾਹੀਆ ਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਕਿਸ਼ਨਗੜ੍ਹ ਵਿਖੇ ਚੋਣ ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਸ.ਚੰਨੀ ਨੇ ਕਿਹਾ ਕਿ ਉਹਨਾਂ ਮੁੱਖ ਮੰਤਰੀ ਰਹਿੰਦਿਆਂ ਇਸ ਹਲਕੇ ਨੂੰ ਕਰੋੜਾਂ ਰੁਪਏ ਵੱਖ ਵੱਖ ਕੰਮਾਂ ਲਈ ਦਿੱਤੇ ਪਰ ਮੌਜੂਦਾ ਸਰਕਾਰ ਨੇ ਢਾਈ ਸਾਲ ਹਲਕੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਆਦਮਪੁਰ ਇਲਾਕੇ ਦੀਆਂ ਸੜਕਾਂ ਦਾ ਇਸ ਕਦਰ ਮਾੜਾ ਹਾਲ ਹੈ ਕਿ ਇਹ ਸੜਕਾਂ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਸ.ਚੰਨੀ ਨੇ ਕਿਹਾ ਕਿ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣ ਲਈ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਸੀ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਅਜੇ ਤੱਕ ਇਹ ਮਤਾ ਪ੍ਰਵਾਨ ਨਹੀਂ ਕੀਤਾ ਪਰ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣਾ ਉਹਨਾਂ ਦਾ ਮੁੱਖ ਟੀਚਾ ਰਹੇਗਾ। ਇਸ ਦੌਰਾਨ ਸ.ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਹਨਾਂ ਮਿਡ-ਡੇ-ਮੀਲ, ਆਂਗਨਵਾੜੀ, ਆਸ਼ਾ ਵਰਕਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧਾ ਕੀਤਾ ਪਰ ਮੌਜੂਦਾ ਸਰਕਾਰ ਸਮੇਂ ਸਿਰ ਤਨਖਾਹਾਂ ਵੀ ਨਹੀਂ ਦੇ ਪਾ ਰਹੀ ਹੈ। ਇਸ ਦੌਰਾਨ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਜਲੰਧਰ ਦਾ ਹਰ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਹੀ ਵੋਟ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿ ਹਰ ਕਿਸੇ ਨੂੰ ਹਲੀਮੀ ਤੇ ਨਿਮਰਤਾ ਨਾਲ ਮਿਲਣ ਵਾਲਾ ਲੀਡਰ ਹੀ ਲੋਕਾਂ ਦਾ ਹਰਮਨ ਪਿਆਰਾ ਬਣਦਾ ਹੈ ਤੇ ਚਰਨਜੀਤ ਸਿੰਘ ਚੰਨੀ ਵਿੱਚ ਚੰਗੇ ਲੀਡਰ ਦੇ ਸਭ ਗੁਣ ਹਨ। ਇਸ ਮੌਕੇ ਤੇ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਨੇ ਕਿਹਾ ਕਿ ਦਿਹਾੜੀ 'ਚ ਚਾਰ ਵਾਰ ਪਾਰਟੀਆਂ ਬਦਲਣ ਵਾਲੇ ਲੀਡਰਾਂ ਦਾ ਕੋਈ ਕਿਰਦਾਰ ਨਹੀਂ ਹੈ। ਉਹਨਾਂ ਕਿਹਾ ਕਿ ਜਲੰਧਰ ਦੋਆਬੇ ਦੀ ਕਰੀਮ ਹੈ ਤੇ ਇੱਥੋਂ ਸ.ਚੰਨੀ ਵਰਗੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਲੀਡਰ ਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਚ ਭੇਜਣਾ ਹਲਕੇ ਦੇ ਵਿਕਾਸ ਲਈ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸ.ਚੰਨੀ ਜਲੰਧਰ ਅਤੇ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਜ਼ੋਰ ਸ਼ੋਰ ਨਾਲ ਚੁੱਕਣਗੇ ਤੇ ਸਾਡੀ ਆਵਾਜ਼ ਬੁਲੰਦ ਕਰਨਗੇ।
ਇਸ ਮੌਕੇ ਤੇ ਡਾ.ਗੁਰਬਖਸ਼ ਸਵਾਮੀ,ਪਰਮਜੀਤ ਸਿੰਘ ਕੰਬੋਜ, ਲੰਬੜਦਾਰ ਕੁਲਵੰਤ ਸਿੰਘ, ਬਹਾਦਰ ਚੰਦ, ਜ਼ੋਰਾਵਰ ਸਿੰਘ ਸੰਘਵਾਲ, ਦਾਤਾਰ ਸਿੰਘ ਚਾਹਲ, ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ,ਕੌਂਸਲਰ ਦੀਪਕ ਦੀਪੂ, ਬਲਾਕ ਕਾਂਗਰਸ ਪ੍ਰਧਾਨ ਰਣਦੀਪ ਰਾਣਾ, ਬਲਾਕ ਭੋਗਪੁਰ ਦੇ ਕਾਂਗਰਸ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ, ਰਾਜ ਕੁਮਾਰ ਰਾਜ਼ਾ ਸਾਬਕਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਕੌਂਸਲਰ ਮਨੀਸ਼ ਅਰੋੜਾ, ਜਸਪਾਲ,ਸੰਤੋਸ਼ ਰਾਣੀ,ਰਕੇਸ਼ ਮੇਹਤਾ, ਬਿੱਟੂ ਪ੍ਰਧਾਨ ਟਰੱਕ ਯੂਨੀਅਨ, ਜਸਪਾਲ ਸੁਖੇਜਾ ਪ੍ਰਧਾਨ ਰਾਮ ਮੰਦਿਰ, ਰਿਧਮ ਮੇਹਤਾ ਯੂਥ ਕਾਂਗਰਸ ਆਗੂ, ਸੋਨੂੰ ਅਰੋੜਾ ਪ੍ਰਧਾਨ ਮਾਰਕਿਟ ਐਸੋਸੀਏਸ਼ਨ, ਵਿਸ਼ਾਲ ਬਹਿਲ ਚੇਅਰਮੈਨ ਮਾਰਕਿਟ ਐਸੋਸੀਏਸ਼ਨ, ਭੁਪਿੰਦਰ ਸੈਣੀ, ਅਸ਼ਵਨ ਭੱਲਾ,ਅਜੇ ਕੁਮਾਰ ਤੋਊ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਤੇ ਅਹੁਦੇਦਾਰ ਅਤੇ ਲੋਕ ਹਾਜ਼ਰ ਸਨ।