ਚੰਡੀਗੜ੍ਹ: ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕਰਨਗੇ। ਉਹ ਅੱਜ ਕੈਪਟਨ ਦੀ ਰਿਹਾਇਸ਼ ਉੱਪਰ ਸੀਸਵਾਂ ਫਾਰਮ ਹਾਊਸ ਨਹੀਂ ਜਾਣਗੇ। ਕੈਪਟਨ ਅੱਜ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਪਹੁੰਚੇ। ਇਸ ਲਈ ਚਰਚਾ ਸੀ ਕਿ ਚੰਨੀ ਅੱਜ ਕੈਪਟਨ ਨੂੰ ਮਿਲਣ ਉਨ੍ਹਾਂ ਰਿਹਾਇਸ਼ ਉੱਪਰ ਜਾਣਗੇ।
ਹੁਣ ਖਬਰ ਆਈ ਹੈ ਕਿ ਉਹ ਅੱਜ ਕੈਪਟਨ ਨੂੰ ਨਹੀਂ ਮਿਲਣਗੇ। ਪਤਾ ਲੱਗਾ ਹੈ ਕਿ ਚੰਨੀ ਕੱਲ੍ਹ ਕੈਪਟਨ ਨੂੰ ਮਿਲ ਸਕਦੇ ਹਨ। ਅੱਜ ਰਾਹੁਲ ਗਾਂਧੀ ਵੀ ਚੰਡੀਗੜ੍ਹ ਆਏ ਪਰ ਕੈਪਟਨ ਨੂੰ ਨਹੀਂ ਮਿਲੇ। ਉਧਰ, ਚੰਨੀ ਨੇ ਆਪਣੀ ਮੰਤਰੀ ਮੰਡਲ ਚੁਣਨ ਦੀ ਤਿਆਰੀ ਕਰ ਦਿੱਤੀ ਹੈ। ਉਹ ਹੁਣ ਪਰਗਟ ਦੀ ਰਿਹਾਇਸ਼ ਉੱਪਰ ਪਹੁੰਚੇ ਹਨ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਫਾਰਮ ਹਾਊਸ 'ਤੇ ਮੀਟਿੰਗ ਚੱਲ ਰਹੀ ਹੈ। ਕੈਪਟਨ ਧੜੇ ਦੇ ਲੀਡਰ ਫਾਰਮ ਹਾਊਸ ਅੰਦਰ ਮੌਜੂਦ ਹਨ। ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਨਾਲ ਮੀਟਿੰਗ ਜਾਰੀ ਹੈ। ਕੈਪਟਨ ਦੇ ਕਈ ਸਲਾਹਕਾਰ ਵੀ ਅੰਦਰ ਮੌਜੂਦ ਹਨ।
ਕੈਪਟਨ ਅੱਜ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਪਹੁੰਚੇ। ਚਰਚਾ ਸੀ ਕਿ ਚੰਨੀ ਉਨ੍ਹਾਂ ਮਿਲਣ ਜਾਣਗੇ ਪਰ ਹੁਣ ਇਹ ਪ੍ਰੋਗਰਾਮ ਵੀ ਰੱਦ ਹੋ ਗਿਆ ਹੈ। ਅੱਜ ਰਾਹੁਲ ਗਾਂਧੀ ਵੀ ਕੈਪਟਨ ਨੂੰ ਮਿਲਣ ਨਹੀਂ ਗਏ। ਇਸ ਲਈ ਕੈਪਟਨ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਇਸ ਦੇ ਨਾਲ ਹੀ ਚਰਨਜੀਤ ਚੰਨੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ। ਉਨ੍ਹਾਂ ਨੇ ਅੱਜ ਹੀ ਕੈਬਨਿਟ ਬੈਠਕ ਬੁਲਾ ਲਈ ਹੈ। ਮੀਟਿੰਗ ਵਿੱਚ ਦੋਵੇਂ ਡਿਪਟੀ ਸੀਐਮ ਸ਼ਾਮਲ ਹੋਣਗੇ। ਥੋੜ੍ਹੀ ਦੇਰ ਵਿੱਚ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ। ਚੰਨੀ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਕਈ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸਾਰੇ ਐਲਾਨਾਂ ਨੂੰ ਕੈਬਨਿਟ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ।