ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਹਲਕਿਆਂ ਚਮਕੌਰ ਸਾਹਿਬ ਤੇ ਭਦੌੜ ਹਲਕੇ ਤੋਂ ਚੋਣ ਲੜਨ ਨਾਲ ਸਪਸ਼ਟ ਹੋ ਗਿਆ ਹੈ ਕਿ ਉਹ ਹੀ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ। ਬੇਸ਼ੱਕ ਕਾਂਗਰਸ ਨੇ ਇਸ ਬਾਰੇ ਸਪਸ਼ਟ ਐਲਾਨ ਨਹੀਂ ਕੀਤਾ ਪਰ ਸੀਐਮ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਾ ਕੇ ਇਹ ਸੰਕੇਤ ਦੇ ਦਿੱਤਾ ਹੈ। ਟ



ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਅੱਠ ਉਮੀਦਵਾਰਾਂ ਦੀ ਆਖਰੀ ਸੂਚੀ ਐਲਾਨੀ ਹੈ। ਚੋਣ ਕਮੇਟੀ ਦੇ ਇੰਚਾਰਜ ਮੁਕੁਲ ਵਾਸਨਿਕ ਵੱਲੋਂ ਜਾਰੀ ਸੂਚੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਖ਼ਵੇਂ ਹਲਕੇ ਭਦੌੜ ਤੋਂ ਵੀ ਚੋਣ ਮੈਦਾਨ ਵਿੱਚ ਉਤਰਨਗੇ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਆਪਣੇ ਜੱਦੀ ਹਲਕਾ ਚਮਕੌਰ ਸਾਹਿਬ ਤੋਂ ਵੀ ਚੋਣ ਮੈਦਾਨ ਵਿਚ ਹਨ ਜਿੱਥੇ ਉਨ੍ਹਾਂ ਨੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਵਿੱਢਿਆ ਹੋਇਆ ਹੈ।

ਜੇਕਰ ਮੁੱਖ ਮੰਤਰੀ ਚਰਨਜੀਤ ਚੰਨੀ ਦੋਵਾਂ ਹਲਕਿਆਂ ਤੋਂ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੋਏਗਾ। ਅਜਿਹੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਜਾਂ ਕੋਈ ਹੋਰ ਲੀਡਰ ਵਿਰੋਧ ਵੀ ਨਹੀਂ ਕਰ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਨੇ ਇਹ ਦਾਅ ਬੜਾ ਸੋਚ-ਸਮਝ ਕੇ ਖੇਡਿਆ ਹੈ।

ਉਧਰ, ਸੀਐਮ ਚਰਨਜੀਤ ਚੰਨੀ ਦੇ ਭਦੌੜ ਹਲਕੇ ਤੋਂ ਚੋਣ ਲੜਨ ਦੇ ਫ਼ੈਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸੂਤਰਾਂ ਮੁਤਾਬਕ ਚੰਨੀ ਅੰਦਰੋਂ-ਅੰਦਰੀ ਸਮਝਦੇ ਸਨ ਕਿ ਵਿਰੋਧੀ ਧਿਰਾਂ ਕਿਸੇ ਪੜਾਅ ’ਤੇ ਇਕੱਠੀਆਂ ਹੋ ਕੇ ਚਮਕੌਰ ਸਾਹਿਬ ਹਲਕੇ ਤੋਂ ਘੇਰਾਬੰਦੀ ਕਰ ਸਕਦੀਆਂ ਸਨ ਤੇ ਉਹ ਸਿਆਸੀ ਤੌਰ ’ਤੇ ਅਸੁਰੱਖਿਅਤ ਮਹਿਸੂਸ ਕਰਦੇ ਹੋ ਸਕਦੇ ਹਨ।

ਉਂਝ ਸੂਤਰਾਂ ‘ਆਪ’ ਦੇ ਮਾਲਵਾ ਖ਼ਿੱਤੇ ਵਿੱਚ ਅਸਰ ਨੂੰ ਪ੍ਰਭਾਵਹੀਣ ਕਰਨ ਵਾਸਤੇ ਪਾਰਟੀ ਨੇ ਚੰਨੀ ਨੂੰ ਭਦੌੜ ਤੋਂ ਉਤਾਰਨ ਦਾ ਪੈਂਤੜਾ ਅਪਣਾਇਆ ਹੈ ਤਾਂ ਜੋ ਬਾਕੀ ਹਲਕਿਆਂ ਵਿੱਚ ਵੀ ਕਾਂਗਰਸ ਨੂੰ ਇਸ ਦਾ ਫ਼ਾਇਦਾ ਮਿਲ ਸਕੇ। ਹਲਕਾ ਭਦੌੜ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਆਪਣੀ ਲੜਕੀ ਲਈ ਤੇ ‘ਆਪ’ ’ਚੋਂ ਕਾਂਗਰਸ ਵਿੱਚ ਸ਼ਾਮਲ ਹੋਏ ਪਿਰਮਲ ਸਿੰਘ ਵੀ ਟਿਕਟ ਮੰਗ ਰਹੇ ਸਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: