Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਪਾਰਟੀ ਦੋਫਾੜ ਹੋ ਗਈ ਹੈ। ਅੱਜ ਬਾਦਲ ਧੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਨਿਗਰਾਨ ਕਮੇਟੀ ਉਪਰ ਗੰਭੀਰ ਇਲਜ਼ਾਮ ਲਾਏ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਤਾਂ ਭਰਤੀ ਕਮੇਟੀ ਨੂੰ ਫਰਾਡ ਤੱਕ ਕਹਿ ਦਿੱਤਾ। ਇਸ ਮਗਰੋਂ ਬਾਗੀ ਧੜੇ ਵੱਲੋਂ ਤਿੱਖ ਜਵਾਬ ਦਿੱਤਾ ਗਿਆ ਹੈ। ਚਰਨਜੀਤ ਸਿੰਘ ਬਰਾੜ ਨੇ ਸੋਸ਼ਲ ਮੀਡੀਆ ਉਪਰ ਪੋਸਟ ਪਾ ਕੇ ਚੀਮਾ ਨੂੰ ਘੇਰਿਆ।
ਬਰਾੜ ਨੇ ਲਿਖਿਆ ਕਿ ਤੁਸੀਂ ਵਾਰ ਵਾਰ ਹੁਕਮਨਾਮਾ ਸਾਹਿਬ ਦੀਆਂ ਧੱਜੀਆਂ ਉਡਾਈਆਂ, ਚੀਰ ਹਰਨ ਕੀਤਾ ਤੇ ਆਪਣੇ ਸਮੇਤ ਨਕਾਰੀ ਜਾ ਚੁੱਕੀ ਲੀਡਰਸ਼ਿਪ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਥੋਪਣ ਲਈ ਕੋਸ਼ਿਸ਼ ਕਰ ਰਹੇ ਹੋ। ਵੋਟਰਾਂ ਤੇ ਅਕਾਲੀ ਵਰਕਰਾਂ ਨੂੰ ਗਾਹਕ ਕਹਿਣਾਂ ਗਲਤ ਹੈ ਕਿਉਂਕਿ ਵਰਕਰ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਤੁਸੀ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ ਹੈ ਤੇ ਤੁਸੀ ਇਸ ਤੇ ਮੋਹਰ ਅੱਜ ਵਰਕਰਾਂ ਤੇ ਵੋਟਰਾਂ ਨੂੰ ਗਾਹਕ ਕਹਿ ਕੇ ਲਾ ਦਿੱਤੀ ਹੈ। ਭਰਤੀ ਕਮੇਟੀ ਤੇ ਭਰਤੀ ਕਮੇਟੀ ਲਈ ਜਾਰੀ ਹੁਕਮਨਾਮਾ ਸਾਹਿਬ ਨੂੰ ਫਰਾਡ ਕਹਿਣ ਤੇ ਤੁਰੰਤ ਮੁਆਫੀ ਮੰਗੋ ਤੇ ਆਪਣੇ ਸ਼ਬਦ ਵਾਪਸ ਲਵੋ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਭਰਤੀ ਕਮੇਟੀ 'ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਸਵਾਲ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਉਠਾਏ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਦੋ ਕਾਰਜਕਾਰੀ ਮੈਂਬਰ ਹਰਜਿੰਦਰ ਸਿੰਘ ਧਾਮੀ ਤੇ ਪ੍ਰੋ. ਕ੍ਰਿਪਾਲ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਦੂਸਰੇ ਦਿੱਲੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਮੰਗਲਵਾਰ ਤੋਂ ਸ਼ੁਰੂ ਕੀਤਾ ਜਾਣ ਵਾਲਾ ਭਰਤੀ ਕੰਮ ਗਲਤ ਹੈ।
ਉਨ੍ਹਾਂ ਭਰਤੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਫਾਰਮ ਵਿੱਚ ਕਮੀਆਂ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਪੂਰੇ ਫਾਰਮ ਵਿੱਚ ਕਿਤੇ ਵੀ ਪਾਰਟੀ ਦਾ ਨਾਮ ਨਹੀਂ। ਇੱਕ ਥਾਂ 'ਤੇ ਅਕਾਲੀ ਦਲ ਲਿਖਿਆ ਹੈ, ਪਰ ਭਰਤੀ ਕਮੇਟੀ ਨੂੰ ਦੱਸਣਾ ਚਾਹੀਦਾ ਹੈ ਕਿ ਅਕਾਲੀ ਦਲ ਕਦੋਂ ਤੇ ਕਿੱਥੇ ਰਜਿਸਟਰਡ ਹੋਇਆ ਸੀ। ਫਾਰਮ 'ਤੇ ਇਹ ਲਿਖਿਆ ਹੈ ਕਿ ਅਕਾਲੀ ਦਲ ਦੀ 5 ਮੈਂਬਰੀ ਕਮੇਟੀ ਹੋਵੇਗੀ, ਪਰ ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਬਣਾਈ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਜੇਕਰ ਇਹ ਕਮੇਟੀ ਭਰਤੀ ਕਰ ਰਹੀ ਹੈ ਤਾਂ ਫਾਰਮ 'ਤੇ ਪਤਾ ਤੇ ਫ਼ੋਨ ਨੰਬਰ ਕਿਉਂ ਨਹੀਂ ਦਿੱਤਾ ਗਿਆ।