Ludhiana News: ਲੁਧਿਆਣਾ ਵਿੱਚ 19 ਤਰੀਕ ਨੂੰ ਜ਼ਿਮਨੀ ਚੋਣਾਂ ਹਨ ਅਤੇ ਉਸ ਤੋਂ ਪਹਿਲਾਂ ਕਈ ਲੀਡਰ ਪਾਰਟੀ ਛੱਡ ਰਹੇ ਤਾਂ ਕਈ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉੱਥੇ ਹੀ ਅੱਜ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਉਦੋਂ ਹੋਈ, ਜਦੋਂ ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਹੋ ਗਈ ਹੈ।

ਇਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ। ਸਿਕੰਦਰ ਸਿੰਘ ਮਲੂਕਾ ਦੇ ਅਕਾਲੀ ਦਲ ਵਿੱਚ ਜਾਣ ਤੋਂ ਬਾਅਦ ਪਾਰਟੀ ਦੇ ਕੁਝ ਆਗੂ ਸੁਖਬੀਰ ਬਾਦਲ ‘ਤੇ ਹੀ ਹਮਲਾਵਰ ਹੋ ਰਹੇ ਹਨ। ਦੱਸ ਦਈਏ ਕਿ ਚਰਨਜੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋਂ ਕਿਉਂ ਕੱਢਿਆ ਸੀ, ਕਿਉਂਕਿ ਉਨ੍ਹਾਂ ਦੇ ਬੱਚੇ ਬੀਜੇਪੀ ਵਿੱਚ ਚਲੇ ਗਏ ਸਨ, ਜਿਸ ਕਰਕੇ ਤੁਸੀਂ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਸੀ? ਬਰਾੜ ਨੇ ਕਿਹਾ ਕਿ ਆਵੇ ਤਾਂ ਹਿਰਦੇ ਪਰਿਵਰਤਨ, ਜਾਵੇ ਤਾਂ ਦਲ ਬਦਲੂ ਹੈ!! ਅੱਜਕਲ ਦੀ ਸਿਆਸਤ ਦੇ ਮਾਇਨੇ ਵੀ ਦਲਬਦਲੂ ਵਰਗਿਆਂ ਨੇ।

ਬਰਾੜ ਨੇ ਸੁਖਬੀਰ ਬਾਦਲ ਵਲੋਂ ਮਲੂਕਾ ਦੀ ਘਰ ਵਾਪਸੀ ਕਹਿਣ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦਾ ਸੁਖਬੀਰ ਬਾਦਲ ਧੜੇ ਵਿੱਚ ਚਲੇ ਜਾਣ ਨੂੰ ਘਰ ਵਾਪਸੀ ਸ਼ਬਦ ਕਹਿਣਾ, ਸਿਆਸੀ ਧਰਮ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜ਼ਰੂਰ ਜਵਾਬ ਦੇਣਗੇ ਕਿ, ਕੀ ਅੱਜ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਬੀਜੇਪੀ ਤੋ ਟਿਕਟ ਲੜ ਚੁੱਕੇ ਹਨ, ਕੀ ਉਹ ਵਾਪਸ ਆ ਗਏ ਹਨ ?

ਜਿਸ ਦੋਸ਼ਾਂ ਕਰਕੇ ਮਲੂਕਾ ਸਾਹਿਬ ਨੂੰ ਪਾਰਟੀ ‘ਚੋਂ ਕੱਢਿਆ ਗਿਆ ਸੀ। ਇਨ੍ਹਾਂ ਦਾ ਆਈਟੀ ਵਿੰਗ, ਦਲਜੀਤ ਚੀਮਾ ਤੇ ਦੂਜੇ ਸਾਥੀ ਜੋ ਦੂਜਿਆਂ ਨੂੰ ਆਰਐਸਐਸ ਜਾਂ ਬੀਜੇਪੀ ਦੇ ਏਜੰਟ ਕਹਿੰਦੇ ਹਨ, ਅੱਜ ਸੁਖਬੀਰ ਬਾਦਲ ਨੂੰ ਸਿੱਧਾ ਸਵਾਲ ਹੈ ਕਿ ਜਿਸ ਮਲੂਕੇ ਨੂੰ ਆਰਐਸਐਸ, ਬੀਜੇਪੀ ਦਾ ਏਜੰਟ ਕਹਿੰਦੇ ਰਹੇ, ਹੁਣ ਕੀ ਉਹ ਆਰਐਸਐਸ, ਬੀਜੇਪੀ ਦੇ ਏਜੰਟ ਨਹੀਂ ਹਨ। ਉਸ ਦਾ ਜਵਾਬ ਜ਼ਰੂਰ ਦੇਣਗੇ।

ਜ਼ਿਕਰ ਕਰ ਦਈਏ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੇ ਭਾਜਪਾ ਦੀ ਉਮੀਦਾਵਰ ਸਨ ਅਤੇ ਉਸ ਵੇਲੇ ਮਲੂਕਾ ਵਲੋਂ ਵੀ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਕਾਲੀ ਦਲ ਵਲੋਂ ਉਨ੍ਹਾਂ 'ਤੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸੀ। ਮਲੂਕਾ ਦੇ ਨੂੰਹ-ਪੁੱਤ ਵਲੋਂ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਿਕੰਦਰ ਮਲੂਕਾ ਦੇ ਅਕਾਲੀ ਦਲ ਨਾਲ ਰਿਸ਼ਤੇ ਵਿੱਚ ਖਟਾਸ ਆ ਗਈ ਸੀ, ਕਿਉਂਕਿ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ, ਪਰ ਹੁਣ ਉਨ੍ਹਾਂ ਦੀ ਵਾਪਸੀ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।