Punjab Politics: ਜਲੰਧਰ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ(Charanjit singh Channi) ਨੇ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਜਾ ਰਹੀ ਸਮੀਖਿਆ ਮੀਟਿੰਗ ਨੂੰ ਲੈ ਕੇ ਭੜਾਸ ਕੱਢੀ ਹੈ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਾਂਡੇ ਵਿਕ ਚੁੱਕੇ ਹਨ। ਉਨ੍ਹਾਂ ਦੇ ਪੱਲੇ ਕੁਝ ਨਹੀਂ ਬਚਿਆ। ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ(Aam Aadmi Party) ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਕਿਉਂਕਿ ਡਰਾਮੇ ਕਰਕੇ ਸਰਕਾਰ ਜ਼ਿਆਦਾ ਦੇਰ ਨਹੀਂ ਚੱਲ ਸਕੇਗੀ।
ਚੰਨੀ ਨੇ ਕਿਹਾ-ਆਮ ਆਦਮੀ ਪਾਰਟੀ ਕਦੋਂ ਤੱਕ ਲੋਕਾਂ ਨੂੰ ਗੱਲਾਂ-ਬਾਤਾਂ ਨਾਲ ਪਾਲਦੀ ਰਹੇਗੀ? ਆਖ਼ਰਕਾਰ ਉਨ੍ਹਾਂ ਮੁੱਦਿਆਂ 'ਤੇ ਆਉਣਾ ਪਵੇਗਾ ਜਿਨ੍ਹਾਂ ਦੇ ਆਧਾਰ 'ਤੇ ਤੁਸੀਂ ਸਰਕਾਰ ਬਣਾਈ ਹੈ। ਪੰਜਾਬ ਲਈ ਕੁਝ ਨਹੀਂ ਕੀਤਾ ਤਾਂ ਮੁੱਦੇ ਕਿੱਥੋਂ ਆਉਣਗੇ? ਦੋ ਸਾਲਾਂ ਵਿੱਚ ਹੀ ਲੋਕ ਇਨ੍ਹਾਂ ਤੋਂ ਅੱਕ ਚੁੱਕੇ ਹਨ।
ਨਸ਼ੇ ਦੇ ਖਾਤਮੇ ਲਈ ਸਾਡੀ ਪਾਰਟੀ ਜਲਦੀ ਸ਼ੁਰੂ ਕਰੇਗੀ ਕੰਮ
ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ- ਜਲਦ ਹੀ ਸ਼ਹਿਰ ਵਿੱਚੋਂ ਨਸ਼ਾ ਅਤੇ ਲਾਟਰੀ ਦਾ ਸਾਰਾ ਸਿਸਟਮ ਖ਼ਤਮ ਕਰ ਦੇਵਾਂਗੇ। ਸ਼ਹਿਰ ਦੇ ਲੋਕ ਨਸ਼ਿਆਂ ਦੀ ਵਿਕਰੀ ਤੋਂ ਬਹੁਤ ਚਿੰਤਤ ਹਨ, ਸਾਡੀ ਪਾਰਟੀ ਜਲਦੀ ਹੀ ਇਸ 'ਤੇ ਕੰਮ ਸ਼ੁਰੂ ਕਰੇਗੀ। ਤਾਂ ਜੋ ਲੋਕਾਂ ਨੂੰ ਨਸ਼ੇ ਤੋਂ ਛੁਟਕਾਰਾ ਮਿਲ ਸਕੇ। ਇਸ ਦੇ ਨਾਲ ਹੀ ਚੰਨੀ ਚੁੱਪ ਰਹੇ ਅਤੇ ਭਾਜਪਾ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸੀਆਈਐਸਐਫ ਦੀ ਮਹਿਲਾ ਜਵਾਨ ਵੱਲੋਂ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਆਮ ਆਦਮੀ ਪਾਰਟੀ ਨੇ ਹਾਰ ਕੇ ਕਾਰਨ ਲੱਭਣ ਲਈ ਪ੍ਰਕਿਰਿਆ ਕੀਤੀ ਸ਼ੁਰੂ
ਜ਼ਿਕਰ ਕਰ ਦਈਏ ਕਿ ਪਾਰਟੀ ਸੰਗਠਨ ਨੇ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀਐਮ ਭਗਵੰਤ ਮਾਨ ਹਰ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ। ਇਹ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ‘ਆਪ’ ਦੀ ਪਟਿਆਲਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਦੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ 3 ਵਜੇ ਮੁੱਖ ਮੰਤਰੀ ਹਾਊਸ ਵਿੱਚ ਸ਼ੁਰੂ ਹੋਈ। ਅੱਜ ਇਸ 'ਤੇ ਚੰਨੀ ਨੇ ਤਿੱਖਾ ਨਿਸ਼ਾਨਾ ਬਣਾਇਆ।