Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਲਈ ਜਲੰਧਰ ਦੇ ਵਿਚਕਾਰ 11 ਏਕੜ ਦੀ ਪ੍ਰਾਪਰਟੀ ਤਿਆਰ ਕਰਨ ਦੀਆਂ ਖਬਰਾਂ ਮਗਰੋਂ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਆਪਣੇ ਐਕਸ ਅਕਾਊਂਟ ਤੋਂ ਪੋਸਟ ਕਰਕੇ ਸੀਐਮ ਮਾਨ ਨੂੰ ਨਿਸ਼ਾਨਾ ਬਣਾਇਆ ਹੈ। 


ਆਮ ਆਦਮੀ ਪਾਰਟੀ 'ਤੇ ਸਵਾਲ ਉਠਾਉਂਦਿਆਂ ਬਾਜਵਾ ਨੇ ਕਿਹਾ ਇਹ ਉਹੀ ਲੀਡਰ ਹਨ, ਜਿਨ੍ਹਾਂ ਨੇ ਆਮ ਜ਼ਿੰਦਗੀ ਜਿਊਣ ਤੇ ਛੋਟੇ ਘਰਾਂ 'ਚ ਰਹਿਣ ਦਾ ਵਾਅਦਾ ਕੀਤਾ ਸੀ। ਬਾਜਵਾ ਨੇ ਐਕਸ 'ਤੇ ਲਿਖਿਆ ਸਤੌਜ ਦੇ ਮਹਾਰਾਜਾ (ਭਗਵੰਤ ਮਾਨ) ਹੁਣ ਸ਼ਹਿਰ ਦੀ ਹੈਰੀਟੇਜ਼ ਇਮਾਰਤ ਵਿੱਚ ਰਹਿਣਗੇ। ਸ਼ਹਿਰ ਦੇ ਪੁਰਾਣੇ ਬਾਰਾਦਰੀ ਇਲਾਕੇ ਵਿੱਚ ਸਥਿਤ ਮਕਾਨ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ।



ਉਨ੍ਹਾਂ ਨੇ ਲਿਖਿਆ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੌਹਨ ਲਾਰੈਂਸ 1848 ਵਿੱਚ ਇਸ ਘਰ ਵਿੱਚ ਰਹਿਣ ਲਈ ਆਏ ਸਨ। ਉਦੋਂ ਤੱਕ ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ਦੇ ਨਵੀਨੀਕਰਨ 'ਤੇ 52.71 ਕਰੋੜ ਰੁਪਏ ਖਰਚ ਕੀਤੇ ਹਨ। ਹਾਲਾਂਕਿ, ਇਹ ਉਹੀ ਨੇਤਾ ਹਨ ਜਿਨ੍ਹਾਂ ਨੇ ਆਮ ਜੀਵਨ ਜਿਉਣ ਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ। ਹੁਣ ਆਮ ਜੀਵਨ ਜਿਉਣ ਦੇ ਵਾਅਦਿਆਂ ਦਾ ਕੀ ਹੋਇਆ?



ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਘਰ ਵਿੱਚ 4 ਡਰਾਇੰਗ ਰੂਮ, 4 ਬੈੱਡਰੂਮ, 3 ਦਫ਼ਤਰੀ ਕਮਰੇ, ਇੱਕ ਬਾਹਰੀ ਬੰਦ ਵਰਾਂਡਾ ਤੇ ਸਹਾਇਕ ਸਟਾਫ ਲਈ ਦੋ ਕਮਰਿਆਂ ਵਾਲੇ ਪਰਿਵਾਰਕ ਫਲੈਟ ਹਨ। ਇਸ ਵਾਰ ਸੀਐਮ ਮਾਨ ਲਈ ਜੋ ਘਰ ਤਿਆਰ ਕੀਤਾ ਜਾ ਰਿਹਾ ਹੈ, ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਘਰ ਦੇ ਅਗਲੇ ਹਿੱਸੇ ਵਿੱਚ ਇੱਕ ਵੱਡਾ ਬਗੀਚਾ ਹੈ ਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦਾ ਹੈ।


ਦੱਸ ਦੇਈਏ ਕਿ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲੰਧਰ 'ਚ ਕਿਰਾਏ 'ਤੇ ਮਕਾਨ ਲੈ ਕੇ ਰਹਿਣਗੇ। ਇਸ ਤੋਂ ਬਾਅਦ ਸੀਐਮ ਮਾਨ ਲਈ ਜਲੰਧਰ ਕੈਂਟ ਇਲਾਕੇ ਵਿੱਚ ਇੱਕ ਆਲੀਸ਼ਾਨ ਘਰ ਨੂੰ ਫਾਈਨਲ ਕੀਤਾ ਗਿਆ। ਸੀਐਮ ਮਾਨ ਆਪਣੀ ਪਤਨੀ ਤੇ ਬੱਚੀ ਨਾਲ ਘਰ ਵਿੱਚ ਦਾਖਲ ਹੋਏ ਸਨ ਜਿੱਥੇ ਸੀਐਮ ਮਾਨ ਆ ਕੇ ਠਹਿਰਦੇ ਸਨ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।