ਮੁਹਾਲੀ/ਚੰਡੀਗੜ੍ਹ,: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ 1 ਨਵੰਬਰ ਦੀ ਤਜਵੀਜ਼ਸ਼ੁਦਾ ਬਹਿਸ ਲਈ ਰੂਪ ਰੇਖਾ ਉਲੀਕਣ ਦੇ ਨਾਲ-ਨਾਲ ਏਜੰਡਾ ਤੈਅ ਕਰਨ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਜਾਵੇ ਤੇ ਪਾਰਟੀ ਨੇ ਕਿਹਾ ਕਿ ਇਹ ਬਹਿਸ ਸਿਰਫ ਸਤਲੁਜ ਯਮੁਨਾ ਲਿੰਕ (ਐਸ ਵਾਈ ਐਲ) ਨਹਿਰ ਦੇ ਮਾਮਲੇ ਤੱਕ ਸੀਮਤ ਰੱਖੀ ਜਾਵੇ ਤਾਂ ਜੋ ਪੰਜਾਬ ਆਪਣੇ ਦਰਿਆਈ ਪਾਣੀਆਂ ਦੀ ਲੁੱਟ ਰੋਕਣ ਵਾਸਤੇ ਇਕਜੁੱਟ ਫਰੰਟ ਪੇਸ਼ ਕਰ ਸਕੇ।


ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹਿਸ ਦੀ ਰੂਪ ਰੇਖਾ ਤੈਅ ਕਰਨਾ ਬਹੁਤ ਅਹਿਮੀਅਤ ਰੱਖਦਾ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਕਿਹੜੀਆਂ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ, ਕੌਣ ਮੇਜ਼ਬਾਨੀ ਕਰੇਗਾ, ਜੋ ਮੰਚ ਸੰਚਾਲਨ ਕਰੇਗਾ ਤੇ ਕੌਣ ਭਾਗ ਲੈਣ ਵਾਲਿਆਂ ਵੱਲੋਂ ਸਾਂਝਾ ਐਲਾਨਨਾਮਾ ਜਾਰੀ ਕਰੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਆਪ, ਕਾਂਗਰਸ, ਅਕਾਲੀ ਦਲ, ਬਸਪਾ, ਭਾਜਪਾ, ਸੀ ਪੀ ਆਈ ਤੇ ਸੀ ਪੀ ਐਮ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਬਹਿਸ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ।


ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੇ ਸੁਝਾਅ ਦਿੱਤਾ ਸੀ ਕਿ ਬਹਿਸ ਸਿਰਫ ਐਸ ਵਾਈ ਐਲ ਦੇ ਮੁੱਦੇ ’ਤੇ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਵਾਸਤੇ ਸਾਂਝਾ ਹੱਲ ਲੱਭਿਆ ਜਾ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਉਸ ਬੇਲੋੜੀ ਬਹਿਸਬਾਜ਼ੀ ਵਿਚ ਨਹੀਂ ਪੈਣਾ ਚਾਹੁੰਦਾ ਜਿਸਦਾ ਕੋਈ ਨਤੀਜਾ ਨਾ ਨਿਕਲੇ। ਉਹਨਾਂ ਕਿਹਾ ਕਿ ਲੋੜ ਹੈ ਕਿ ਸੁਪਰੀਮ ਕੋਰਟ ਦੇ ਬੇਤੁਕੇ ਹੁਕਮ ਜਿਸਨੇ ਦਰਿਆਈ ਪਾਣੀਆਂ ਦੀ ਵੰਡ ’ਤੇ ਚਰਚਾ ਪਿੱਛੇ ਪਾ ਦਿੱਤੀ ਹੈ ਤਾਂ ਜੋ ਐਸ ਵਾਈ ਐਲ ਪਹਿਲਾਂ ਪੂਰੀ ਕੀਤੀ ਜਾ ਸਕੇ, ਦੇ ਟਾਕਰੇ ਲਈ ਸਾਂਝੀ ਰਣਨੀਤੀ ਬਣਾਈ ਜਾਵੇ। ਸਾਨੂੰ ਪੰਜਾਬ ਨੂੰ ਅਜਿਹੇ ਹਾਲਾਤ ਤੋਂ ਬਚਾਉਣ ਵਾਸਤੇ ਹੱਲ ਕੱਢਣਾ ਪਵੇਗਾ।



ਸਰਦਾਰ ਭੂੰਦੜ, ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਬਾਅਦ ਵਿਚ ਕਿਸੇ ਵੀ ਤਾਰੀਕ ਨੂੰ ਪੰਜਾਬ ਨਾਲ ਸਬੰਧਤ ਸਾਰੇ ਮੁੱਦਿਆਂ ’ਤੇ ਚਰਚਾ ਵਾਸਤੇ ਤਿਆਰ ਹੈ ਤੇ ਮੁੱਖ ਮੰਤਰੀ ਨੂੰ ਆਖਿਆ ਕਿ ਅੱਜ ਸਿਰਫ ਐਸ ਵਾਈ ਐਲ ਨਹਿਰ ਦੇ ਮੁੱਦੇ ’ਤੇ ਬਹਿਸ ਵਾਸਤੇ ਰੂਪ ਰੇਖਾ ਤਿਆਰ ਕੀਤੀ ਜਾਵੇ। ਇਹਨਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ ਉਹਨਾਂ ਦੀ ਤਜਵੀਜ਼ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਅਕਾਲੀ ਦਲ ਲੋਕਤੰਤਰੀ ਢੰਗ ਨਾਲ ਪੰਜਾਬ ਦੇ ਇਸ ਸਭ ਤੋਂ ਅਹਿਮ ਮੁੱਦੇ ’ਤੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਕੰਮ ਕਰੇਗਾ। ਉਹਨਾਂ ਕਿਹਾ ਕਿ ਇਸਵਾਸਤੇ  ਅਕਾਲੀ ਦਲ ਹਮ ਖਿਆਲੀ ਪਾਰਟੀਆਂ ਨਾਲ ਵੀ ਰਾਬਤਾ ਕਰੇਗਾ।


ਇਸ ਦੌਰਾਨ ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਬਹਿਸ ਤੋਂ ਧਿਆਨ ਪਾਸੇ ਕਰਨ ਦੇ ਮੁੱਖ ਮੰਤਰੀ ਦੇ ਯਤਨਾਂ ਤੇ ਤਰੀਕੇ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਖ ਰਹੇ ਹਨ ਕਿ ਅਕਾਲੀ ਦਲ ਬਹਿਸ ਤੋਂ ਭੱਜ ਰਿਹਾ ਹੈ ਜਦੋਂ ਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ।


ਉਹਨਾਂ ਕਿਹਾ ਕਿ ਅਕਾਲੀ ਦਲ ਤਾਂ ਅੰਗਰੇਜ਼ਾਂ ਤੋਂ ਤੇ ਨਫਰਤ ਭਰੀ ਐਮਰਜੰਸੀ ਤੋਂ ਨਹੀਂ ਡਰਿਆ। ਅਸੀਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਸੰਘਰਸ਼ ਕਰਾਂਗੇ ਤੇ ਜੇਕਰ ਹੁਣ ਪਾਣੀ ਨਹਿਰ ਵਿਚ ਨਹੀਂ ਵਗ ਰਿਹਾ ਤਾਂ ਇਹ ਸਿਰਫ ਅਕਾਲੀ ਦਲ ਕਰ ਕੇ ਹੈ ਜਿਸਨੇ ਪਹਿਲਾਂ ਕਪੂਰੀ ਮੋਰਚਾ ਲਗਾਇਆ, ਜ਼ਮੀਨ ਨੂੰ ਡੀਨੋਟੀਫਾਈ ਕੀਤਾ ਅਤੇ ਕਿਸਾਨਾਂ ਨੂੰ ਐਸ ਵਾਈ ਐਲ ਦੀ ਜ਼ਮੀਨ ਵਾਪਸ ਦਿੱਤੀ।


ਇਹਨਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੂੰ ਐਸ ਵਾਈ ਐਲ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਤੁਰੰਤ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਸੀ।  ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਾਲ ਹੀ ਵਿਚ ਹੋਏ ਵਿਧਾਨ ਸਭਾ ਸੈਸ਼ਨ ਵਿਚ ਪੰਜਾਬੀਆਂ ਦੀਆਂ ਇਸ ਮੁੱਦੇ ’ਤੇ ਭਾਵਨਾਵਾਂ ਦੁਨੀਆਂ ਸਾਹਮਣੇ ਰੱਖਣ ਵਾਸਤੇ ਕਈ ਸਾਂਝਾ ਮਤਾ ਨਹੀਂ ਲਿਆਂਦਾ ਗਿਆ।


ਸਰਦਾਰ ਭੂੰਦੜ, ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਪੰਜਾਬੀਆਂ  ਨੂੰ ਦੱਸਣ ਕਿ ਕੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਬਹਿਸ ਵਿਚ ਸ਼ਾਮਲ ਹੋਣਗੇ ਕਿਉਂਕਿ ਉਹ ਹੀ ਸਰਕਾਰ ਨੂੰ ਰਿਮੋਰਟ ਕੰਟਰੋਲ ਨਾਲ ਚਲਾ ਰਹੇ ਹਨ ਤੇ ਪੰਜਾਬ ਵਿਚ ਸਾਰੇ ਸਰਕਾਰੀ ਫੈਸਲੇ ਲੈ ਰਹੇ ਹਨ। ਉਹਨਾਂ ਕਿਹਾ ਕਿ  ਪੰਜਾਬ ਵਿਚ ਆਪ ਸਰਕਾਰ ਨੇ ਹਾਲੇ ਤੱਕ ਇਸਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਸਟੈਂਡ ਦਾ ਜਵਾਬ ਨਹੀਂ ਦਿੱਤਾ ਜਿਹਨਾਂ ਕਿਹਾ ਸੀ ਕਿ ਪੰਜਾਬ ਦੇ ਦਰਿਆਈ ਪਾਣੀ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਨੂੰ ਦਿੱਤਾ ਜਾਵੇ।


ਉਹਨਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਆਪਣੇ ਐਮ ਪੀ ਵੱਲੋਂ ਲਏ ਸਟੈਂਡ ਮੁਤਾਬਕ ਚੱਲਣਗੇ ਜਾਂ ਫਿਰ ਰਾਈਪੇਰੀਅਨ ਸਿਧਾਂਤ ਦੁਹਰਾਉਣਗੇ ਤੇ ਐਲਾਨ ਕਰਨਗੇ ਕਿ ਪੰਜਾਬ ਦਾ ਇਸਦੇ ਦਰਿਆਈ ਪਾਣੀਆਂ ’ਤੇ ਅਨਿੱਖੜਵਾਂ ਹੱਕ ਹੈ।