ਮੋਗਾ: ਇੱਥੇ ਇੱਕ ਬਾਲ ਮਜ਼ਦੂਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਦਕਿ ਇਸ ਤੋਂ ਪਹਿਲਾਂ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਮੁਲਜ਼ਮ ਆਪਣੇ ਇੱਥੇ ਕੰਮ ਕਰਨ ਵਾਲੇ ਦੋ ਨਾਬਾਲਿਗ ਮੁੰਡਿਆਂ ਨੂੰ ਡੰਡੇ ਨਾਲ ਕੁੱਟ ਉਨ੍ਹਾਂ ਤੋਂ ਡੰਡ-ਬੈਠਕਾਂ ਕਰਵਾ ਰਿਹਾ ਹੈ।
ਉਸ ਨੇ ਦੋਵਾਂ ਨਾਬਾਲਗਾਂ ‘ਤੇ ਫੋਨ ਚੋਰੀ ਦਾ ਇਲਜ਼ਾਮ ਲਾਇਆ ਹੈ, ਜਦਕਿ ਉਨ੍ਹਾਂ ਵਿੱਚੋਂ ਇੱਕ ਨੇ ਗੁੰਮ ਹੋਇਆ ਫੋਨ ਆਪਣੇ ਮਾਲਕ ਨੂੰ ਵਾਪਸ ਕੀਤਾ ਸੀ। ਥਾਣਾ ਕੋਟ ਈਸੇ ਖਾਂ ਦੇ ਏਐਸਆਈ ਜਸਵੀਰ ਸਿੰਘ ਨੇ ਇਸ ਬਾਰੇ ਕਿਹਾ ਕਿ ਬਿਹਾਰ ਦੇ ਕੈਲਾਸ਼ ਕੁਮਾਰ ਮਹਤੋ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿੰਡ ਦਾ ਪ੍ਰਮੋਦ ਕੁਮਾਰ ਮਹਤੋਂ ਕੋਠੀਆਂ ‘ਚ ਪੀਓਪੀ ਦਾ ਕੰਮ ਕਰਦਾ ਸੀ। ਉਸ ਕੋਲ 16 ਸਾਲਾ ਸੰਤੋਸ਼ ਤੇ 13 ਸਾਲ ਦਾ ਸੰਨੀ ਮਜ਼ਦੂਰੀ ਦਾ ਕੰਮ ਕਰਦਾ ਸੀ।
7 ਨਵੰਬਰ ਨੂੰ ਪ੍ਰਮੋਦ ਦਾ ਮੋਬਾਈਲ ਗੁੰਮ ਗਿਆ। ਉਹ ਮੋਬਾਈਲ ਸੰਤੋਸ਼ ਨੂੰ ਮਿਲ ਗਿਆ ਜਿਸ ਨੇ ਕੁਝ ਸਮੇਂ ਬਾਅਦ ਹੀ ਫੋਨ ਪ੍ਰਮੋਦ ਨੂੰ ਵਾਪਸ ਕਰ ਦਿੱਤਾ। ਇਸ ਤੋਂ ਬਾਅਦ ਵੀ ਗੁਸਾਏ ਪ੍ਰਮੋਦ ਨੇ ਸੰਤੋਸ਼ ਤੇ ਸੰਨੀ ਨੂੰ ਬੰਦੀ ਬਣਾ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਸੰਤੋਸ਼ ਤੋਂ ਮੋਬਾਈਲ ਤੇ 2000 ਰੁਪਏ ਵੀ ਖੋਹ ਲਏ।
ਇਸ ਤੋਂ ਬਾਅਦ ਸੰਤੋਸ਼ ਨੇ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਦੇ ਆਧਾਰ ‘ਤੇ ਪੁਲਿਸ ਨੇ ਪ੍ਰਮੋਦ ਖਿਲਾਫ ਕੁੱਟਮਾਰ, ਲੁੱਟਖੋਹ ਤੇ ਜਬਰਨ ਬੰਦੀ ਬਣਾਉਣ ਦਾ ਮੁਕੱਦਮਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।