Amritsar News: ਲੋਹੜੀ ਤੇ ਮਾਘੀ ਦੇ ਮੌਕੇ ਪਤੰਗਬਾਜ਼ ਕਾਫੀ ਉਤਸ਼ਾਹਤ ਹਨ। ਪਤੰਗਾਂ ਤੇ ਡੋਰਾਂ ਦੀਆਂ ਦੁਕਾਨਾਂ ’ਤੇ ਕਾਫੀ ਬੀੜ ਹੈ। ਬੱਚੇ ਤੇ ਨੌਜਵਾਨ ਪਤੰਗਾਂ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰ ਰਹੇ ਹਨ। ਇਸ ਵਾਰ 6 ਤੋਂ 7 ਫੁੱਟ ਤੱਕ ਦੇ ਵੱਡੇ ਪਤੰਗ ਆਏ ਹਨ, ਜਿਨ੍ਹਾਂ ਦੀ ਕੀਮਤ 200 ਤੋਂ ਲੈ ਕੇ 300 ਰੁਪਏ ਤੱਕ ਹੈ। ਇਸ ਤੋਂ ਇਲਾਵਾ 5 ਰੁਪਏ ਤੋਂ ਲੈ ਕੇ 100 ਰੁਪਏ ਤੱਕ ਕੀਮਤ ਦੇ ਪਤੰਗਾਂ ਦੀ ਵੀ ਕਾਫ਼ੀ ਵਿਕਰੀ ਹੋ ਰਹੀ ਹੈ।
ਅਹਿਮ ਗੱਲ ਹੈ ਕਿ ਪਲਾਸਟਿਕ ਦੀ ਡੋਰ ਨੂੰ ਭਾਵੇਂ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਪਰ ਲੋਹੜੀ ਤੋਂ ਪਹਿਲਾਂ ਇਸ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ। ਲੋਕ ਸ਼ਰੇਆਮ ਦੁਕਾਨਾਂ ’ਤੇ ਇਸ ਨੂੰ ਨਹੀਂ ਵੇਚ ਰਹੇ ਪਰ ਲੁੱਕ ਛੁੱਪ ਕੇ ਪਲਾਸਟਿਕ ਦੀ ਡੋਰ ਵੱਡੇ ਪੱਧਰ ’ਤੇ ਵੇਚੀ ਜਾ ਰਹੀ ਹੈ। ਜਿਹੜਾ ਡੋਰ ਦਾ ਗੱਟੂ 250 ਰੁਪਏ ਦਾ ਸੀ, ਉਹ ਦੁਕਾਨਦਾਰ 500 ਤੋਂ 600 ਰੁਪਏ ਵਿੱਚ ਵੇਚ ਰਹੇ ਸਨ। ਨੌਜਵਾਨ ਵੀ ਦੇਸੀ ਡੋਰ ਲੈਣ ਦੀ ਬਜਾਏ ਪਲਾਸਟਿਕ ਦੀ ਡੋਰ ਨੂੰ ਪਹਿਲ ਦੇ ਰਹੇ ਹਨ। ਕੁਝ ਦੁਕਾਨਦਾਰ ਵਟਸਐਪ ਰਾਹੀਂ ਵੀ ਇਸ ਨੂੰ ਵੇਚ ਰਹੇ ਸਨ। ਉਧਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਹੈ ਕਿ ਚੀਨੀ ਡੋਰ ਦਾ ਮੁਕੰਮਲ ਤੌਰ ਬਾਈਕਾਟ ਕਰਨਾ ਚਾਹੀਦਾ ਹੈ।
ਦੱਸ ਦਈਏ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਖਾਲਸਾ ਕਾਲਜ ਦੇ ਵਿਹੜੇ ਵਿੱਚ ਪਤੰਗ ਮੇਲਾ ਲਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਜੌਹਲ ਸ਼ਾਮਲ ਹੋਏ ਤੇ ਪਤੰਗਬਾਜ਼ੀ ਦਾ ਆਨੰਦ ਮਾਣਿਆ। ਇਸ ਮੌਕੇ ਸੂਦਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਤਿਉਹਾਰ ਰਵਾਇਤੀ ਢੰਗ ਨਾਲ ਮਨਾਉਣੇ ਚਾਹੀਦੇ ਹਨ, ਲੋਹੜੀ ਨੂੰ ਖਾਸ ਕਰਕੇ ਰਵਾਇਤੀ ਡੋਰ ਨਾਲ ਮਨਾਉਣਾ ਚਾਹੀਦਾ ਹੈ ਤੇ ਚੀਨੀ ਡੋਰ ਦਾ ਮੁਕੰਮਲ ਤੌਰ ਬਾਈਕਾਟ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਚੀਨੀ ਡੋਰ ਨਾਲ ਕਈ ਕੀਮਤੀ ਜਾਨਾਂ ਤੇ ਪਸ਼ੂ, ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਤੇ ਪੁਲਿਸ ਵੱਲੋਂ ਚੀਨੀ ਡੋਰ ਵੇਚਣ ਵਾਲਿਆਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਖੁਦ ਅੱਗੇ ਆਈਏ ਤੇ ਚੀਨੀ ਡੋਰ ਦੀ ਬਿਲਕੁਲ ਵਰਤੋਂ ਨਾ ਕਰੀਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਤੰਗਬਾਜ਼ੀ ਵੀ ਕੀਤੀ ਤੇ ਖਾਲਸਾ ਕਾਲਜ ਦੇ ਵਿਹੜੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਪ੍ਰਿੰਸੀਪਲ ਖਾਲਸਾ ਕਾਲਜ ਡਾ. ਮਹਿਲ ਸਿੰਘ, ਰੈਡ ਕਰਾਸ ਦੇ ਕਾਰਜਕਾਰੀ ਸਕੱਤਰ ਅਸੀਸ ਇੰਦਰ ਸਿੰਘ, ਉਪ ਜ਼ਿਲ੍ਹਾ ਸਿਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ, ਸ਼ਿਸ਼ੂਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤੰਗਬਾਜ਼ੀ ਦੇ ਸ਼ੌਕੀਨ ਹਾਜ਼ਰ ਸਨ।