Punjab News: ਪੰਜਾਬ ਦੇ ਬਠਿੰਡਾ 'ਚ ਸ਼ੁੱਕਰਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਅੰਮ੍ਰਿਤਸਰ ਜਾਮਨਗਰ ਨੈਸ਼ਨਲ ਹਾਈਵੇਅ ਅਤੇ ਭਾਰਤਮਾਲਾ ਰੋਡ ਪ੍ਰਾਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਜ਼ਮੀਨ ਖਾਲੀ ਕਰਵਾਉਣ ਆਏ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਕਿਸਾਨਾਂ ਨੂੰ ਖਦੇੜਨ ਲਈ ਬਲ ਦੀ ਵਰਤੋਂ ਕਰਨੀ ਪਈ। ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।
ਹੋਰ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਧਰਨਾ ਦੇ ਰਹੇ ਕਿਸਾਨਾਂ ਨੂੰ ਹਟਾਉਣ ਲਈ ਪੁਲਿਸ ਬਠਿੰਡਾ ਦੇ ਪਿੰਡ ਦੁੱਨੇਵਾਲਾ ਪੁੱਜੀ ਸੀ। ਇਸ ਦੌਰਾਨ ਕਿਸਾਨ ਭੜਕ ਗਏ। ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋਣ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
ਪੁਲਿਸ ਮੁਲਾਜ਼ਮ ਅਤੇ ਕਿਸਾਨ ਹੋਏ ਜ਼ਖ਼ਮੀ
ਪਿੰਡ ਦੁੱਨੇਵਾਲਾ ਅਤੇ ਸ਼ੇਰਗੜ੍ਹ ਨੂੰ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਫੋਰਸ ਨਾਲ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸੈਂਕੜੇ ਕਿਸਾਨਾਂ ਨੂੰ ਨਾਲ ਲੈ ਕੇ ਪਿੰਡ ਦੁੱਨੇਵਾਲਾ ਵਿੱਚ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲਈ ਗਈ ਜ਼ਮੀਨ ’ਤੇ ਪੁੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਗੁੱਸੇ 'ਚ ਆਏ ਕਿਸਾਨਾਂ ਨੇ ਪੁਲਿਸ 'ਤੇ ਪਥਰਾਅ ਕੀਤਾ। ਇਸ ਘਟਨਾ ਵਿੱਚ ਕਈ ਪੁਲਿਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ ਹੋਏ ਹਨ।
ਕਿਸਾਨ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਨੂੰ ਨਹੀਂ ਦੇ ਰਹੇ
ਅੰਮ੍ਰਿਤਸਰ ਜਾਮਨਗਰ ਨੈਸ਼ਨਲ ਹਾਈਵੇਅ ਅਤੇ ਭਾਰਤਮਾਲਾ ਰੋਡ ਲਈ ਬਠਿੰਡਾ ਦੇ ਪਿੰਡ ਦੁੱਨੇਵਾਲਾ ਅਤੇ ਸ਼ੇਰਗੜ੍ਹ ਦੀ 9 ਕਿਲੋਮੀਟਰ ਜ਼ਮੀਨ ਐਕੁਆਇਰ ਕੀਤੀ ਗਈ ਸੀ। ਜਿਸ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਪਰ ਕਿਸਾਨ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਨੂੰ ਨਹੀਂ ਦੇ ਰਹੇ ਸਨ।
ਇਸ ਕਾਰਨ ਵੀਰਵਾਰ ਸਵੇਰੇ ਹੀ ਪਿੰਡ ਦੁੱਨੇਵਾਲਾ ਅਤੇ ਸ਼ੇਰਗੜ੍ਹ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਸ ਕਾਰਵਾਈ ਤੋਂ ਨਿਰਾਸ਼ ਕਿਸਾਨਾਂ ਨੇ ਦੇਰ ਰਾਤ ਐਲਾਨ ਕੀਤਾ ਸੀ ਕਿ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਸ਼ੁੱਕਰਵਾਰ ਨੂੰ ਸੂਬਾ ਪੱਧਰ ’ਤੇ ਕਬਜ਼ੇ ਵਾਲੀ ਜ਼ਮੀਨ ’ਤੇ ਧਰਨਾ ਦੇਣਗੇ।
ਜਦੋਂ ਕਿਸਾਨਾਂ ਦਾ ਕਾਫ਼ਲਾ ਪਿੰਡ ਦੁੱਨੇਵਾਲਾ ਨੇੜੇ ਪੁੱਜਾ ਤਾਂ ਪੁਲੀਸ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਉਥੇ ਮੌਜੂਦ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਭਜਾਉਣ ਲਈ ਪਹਿਲਾਂ ਲਾਠੀਚਾਰਜ ਕੀਤਾ, ਜਦੋਂ ਕਿਸਾਨਾਂ ਨੇ ਇੱਟਾਂ ਅਤੇ ਪਥਰਾਅ ਕਰਕੇ ਜਵਾਬ ਦਿੱਤਾ ਤਾਂ ਪੁਲਿਸ ਫੋਰਸ ਨੇ ਕਿਸਾਨਾਂ 'ਤੇ ਪਾਣੀ ਦਾ ਛਿੜਕਾਅ ਕਰਦੇ ਹੋਏ ਅੱਥਰੂ ਗੈਸ ਦੇ ਗੋਲੇ ਛੱਡੇ।
ਦੇਰ ਸ਼ਾਮ ਤੱਕ ਪਿੰਡ ਦੁੱਨੇਵਾਲਾ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਅਮਨੀਤ ਕੌਂਡਲ ਸਮੇਤ ਭਾਰੀ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਸੀ। ਐਸਐਸਪੀ ਕੌਂਡਲ ਅਨੁਸਾਰ ਇਸ ਸਾਰੀ ਘਟਨਾ ਦੌਰਾਨ ਚਾਰ ਤੋਂ ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।