Budget Session: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਇਸ ਮੌਕੇ ਹਰ ਦਿਨ ਹੁਕਮਰਾਨਾਂ ਤੇ ਵਿਰੋਧੀ ਧਿਰ ਵਿਚਾਲੇ ਮਾਹੌਲ ਤਲਖ਼ ਹੋ ਜਾਂਦਾ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਲਈ ਢੁਕਵਾਂ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੇ ਸਵਾਲ ਅਤੇ ਮਸਲਿਆਂ ਨੂੰ ਸੁਣਨ ਦਾ ਮਾਦਾ ਰੱਖੋ।


ਪਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਆਪਣੇ ਸਵਾਲ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ  ਪੰਜਾਬ ਦੇ ਲੋਕਾਂ ਦੇ ਮਸਲੇ ਰੱਖਣ ਵਾਲਿਆਂ ਲਈ ਸ਼ਰਤਾਂ ਏਨੀਆਂ ਲਾ ਦਿਓ ਤੇ ਚੁੱਪ ਕਰਵਾ ਦਿਓ, ਤੇ ਜੋ ਪਵਿੱਤਰ ਸਦਨ ਵਿੱਚ ਬਿਨਾਂ ਮਤਲਬ ਦੀਆਂ ਕਹਾਣੀਆਂ ਪੜ੍ਹਦੇ ਓਹਨਾਂ ਨੂੰ ਸਮਾਂ ਦਿੰਦੇ ਰਹੋ!






ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ, ਇਹ ਕੋਰਟ ਨਹੀਂ, ਪੰਜਾਬ ਦੇ ਲੋਕਾਂ ਦੀ ਵਿਧਾਨ ਸਭਾ ਹੈ, ਜਿੱਥੋਂ ਦੇ ਕਸਟੋਡੀਅਨ ਹੋਣ ਦੇ ਨਾਤੇ ਤੁਹਾਨੂੰ ਲੋਕ ਮਸਲਿਆਂ ਲਈ ਵਿਰੋਧੀ ਧਿਰ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ, ਚਾਹੇ ਸੈਸ਼ਨ ਹੋਰ ਲੰਮਾ ਕਰਨਾ ਪਵੇ, ਪਰ ਲੋਕਾਂ ਦੇ ਸਵਾਲ ਅਤੇ ਮਸਲਿਆਂ ਨੂੰ ਸੁਣਨ ਦਾ ਮਾਦਾ ਰੱਖੋ।


ਪਰਗਟ ਸਿੰਘ ਨੇ ਜੋ ਵੀਡੀਓ ਸਾਂਝੀ ਕੀਤੀ ਹੈ ਉਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਪਰਗਟ ਸਿੰਘ ਬੋਲਣ ਲੱਗੇ  ਤਾਂ ਸਪੀਕਰ ਵੱਲੋਂ ਕਿਹਾ ਗਿਆ ਕਿ  ਵੱਧ ਤੋਂ ਵੱਧ 2 ਮਿੰਟ ਦਾ ਸਮਾਂ ਹੈ, ਇਸ ਮੌਕੇ ਪਰਗਟ ਸਿੰਘ ਨੇ ਕਿ ਸ਼ਰਤਾ ਹੀ ਇਨ੍ਹੀਆਂ ਜ਼ਿਆਦਾ ਲਾ ਦਿਓ ਕਿ ਕੋਈ ਬੋਲਣ ਜੋਗਾ ਨਾ ਰਹੇ, ਜਿਸ ਦੇ ਜਵਾਬ ਵਿੱਚ ਸਪੀਕਰ ਨੇ ਕਿਹਾ ਕਿ ਜੇ ਕਹਾਣੀਆਂ ਹੀ ਪੜ੍ਹਨੀਆਂ ਹਨ ਤਾਂ 2-2 ਘੰਟੇ ਲਾ ਲਓ, ਸੁਪਰੀਮ ਕੋਰਟ ਵਿੱਚ ਦੋ ਮਿੰਟ ਮਿਲਦੇ ਨੇ ਜੇ ਕਹਾਣੀਆਂ ਪੜ੍ਹਨੀਆਂ ਨੇ ਫਿਰ ਵੱਖਰੀ ਗੱਲ ਹੈ।