ਗਗਨਦੀਪ ਸ਼ਰਮਾ
ਅੰਮ੍ਰਿਤਸਰ: ਸ਼ਹਿਰ ਦੇ ਸੁਲਤਾਨਵਿੰਡ ਖੇਤਰ ਦੀ 35 ਨੰਬਰ ਵਾਰਡ 'ਚ ਅੱਜ ਸਵੇਰੇ ਰਾਸ਼ਨ ਸਪਲਾਈ ਵੰਡਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ ਹੋ ਗਿਆ। ਇਸ ਨੇ ਬਾਅਦ 'ਚ ਹਿੰਸਕ ਰੂਪ ਲੈ ਲਿਆ। ਦੋਵਾਂ ਧਿਰਾਂ ਦੇ ਕੁਝ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀ ਸਿਵਲ ਹਸਪਤਾਲ ਵਿੱਚ ਦਾਖਲ ਹਨ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨਾਂ 'ਚ ਕੌਂਸਲਰ ਦਾ ਸਪੁੱਤਰ ਵੀ ਸ਼ਾਮਲ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਲਤਾਨਵਿੰਡ ਥਾਣੇ ਦੀ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਭਾਰੀ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਵਾਰਡ ਨੰਬਰ 35 ਦੀ ਪੱਤੀ ਬਲੋਲ ਵਿੱਚ ਅੱਜ ਸਵੇਰੇ ਅੰਮ੍ਰਿਤਸਰ ਦੇ ਕੌਂਸਲਰ ਸ਼ਿੰਦਰ ਕੌਰ ਦੀ ਟੀਮ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਰਾਸ਼ਨ ਤਿਆਰ ਕਰ ਵੱਖ-ਵੱਖ ਖੇਤਰਾਂ 'ਚ ਵੰਡਣ ਜਾਂਦੀ ਹੈ।
ਉਹੀ ਟੀਮ ਅੱਜ ਪੱਤੀ ਬਲੋਲ ਦੇ ਇੱਕ ਘਰ ਵਿੱਚ ਪਹੁੰਚੀ ਤਾਂ ਇੱਥੇ ਪਹਿਲਾਂ ਤਕਰਾਰ ਹੋਇਆ ਤੇ ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿੰਦਰ ਸਿੰਘ ਨੇ ਦੱਸਿਆ ਕਿ ਕੌਂਸਲਰ ਦਾ ਪਤੀ ਸਾਡੇ ਘਰ ਆ ਕੇ ਜ਼ਬਰਦਸਤੀ ਕਣਕ ਚੈੱਕ ਕਰ ਰਿਹਾ ਸੀ। ਉਸ ਨੂੰ ਮੇਰੇ ਸਪੁੱਤਰ ਹੀਰਾ ਸਿੰਘ ਨੇ ਰੋਕਿਆ ਜਿਸ ਤੋਂ ਬਾਅਦ ਕੌਂਸਲ ਦੇ ਪਤੀ ਨੇ ਆਪਣੇ ਬੰਦਿਆਂ ਨਾਲ ਮੇਰੇ ਲੜਕੇ ਤੇ ਹਮਲਾ ਕਰ ਦਿੱਤਾ। ਇਸ ਕਾਰਨ ਮੇਰਾ ਬੇਟਾ ਹੀਰਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕੌਂਸਲਰ ਦੇ ਪਤੀ ਨਾਲ ਆਏ ਬੰਦਿਆਂ ਨੇ ਸਾਡੇ ਘਰ ਤੇ ਪਥਰਾਅ ਕੀਤਾ। ਇਸ ਤੋਂ ਬਚਾਅ ਦੇ ਲਈ ਅਸੀਂ ਵੀ ਪਥਰਾਅ ਕੀਤਾ।
ਦੂਜੇ ਪਾਸੇ ਕੌਂਸਲਰ ਸ਼ਿੰਦਰ ਕੌਰ ਤੇ ਉਨ੍ਹਾਂ ਦੇ ਸਪੁੱਤਰ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਦੀ ਸਪਲਾਈ ਕਰਨ ਜਾਂਦੇ ਹਾਂ ਤੇ ਕੁਝ ਲੋਕ ਆਪਣੇ ਘਰਾਂ ਚ ਰਾਸ਼ਨ ਹੋਣ ਦੇ ਬਾਵਜੂਦ ਹੋਰ ਰਾਸ਼ਨ ਮੰਗ ਰਹੇ ਸੀ। ਇਸ ਦੀ ਸਿਰਫ ਅਸੀਂ ਜਾਂਚ ਕਰਨਾ ਚਾਹੁੰਦੇ ਸੀ ਪਰ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਕਾਰਨ ਕੌਂਸਲਰ ਦੇ ਬੇਟੇ ਸਤਨਾਮ ਸਿੰਘ ਨੂੰ ਵੀ ਸੱਟਾਂ ਲੱਗਣ ਕਰਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।
ਦੂਜੇ ਪਾਸੇ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਪਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਵਾਰਡ ਨੰਬਰ 35 ਦੇ ਇੱਕ ਖੇਤਰ ਵਿੱਚੋਂ ਰਾਸ਼ਨ ਵੰਡਣ ਵੇਲੇ ਟਕਰਾਅ ਦੀ ਸੂਚਨਾ ਮਿਲੀ ਸੀ। ਇਸ ਮਾਮਲੇ ਦੇ ਵਿੱਚ ਦੋਵਾਂ ਪਾਸਿਓ ਪੱਥਰਬਾਜ਼ੀ ਦੀ ਵੀ ਸੂਚਨਾ ਹੈ। ਦੋ ਵਿਅਕਤੀ ਹੀਰਾ ਸਿੰਘ ਤੇ ਸਤਨਾਮ ਸਿੰਘ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਪਾਸਿਆਂ ਦੇ ਬਿਆਨ ਲੈ ਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇੰਸਪੈਕਟਰ ਪ੍ਰਨੀਤ ਨੇ ਨਾਲ ਹੀ ਅਪੀਲ ਕੀਤੀ ਕਿ ਲੋਕ ਜ਼ਰੂਰਤ ਮੁਤਾਬਕ ਹੀ ਘਰਾਂ ਵਿੱਚੋਂ ਨਿਕਲਣ ਤੇ ਰਾਸ਼ਨ ਦੀ ਡਿਮਾਂਡ ਉਹੀ ਕਰਨ ਜਿਨ੍ਹਾਂ ਨੂੰ ਸੱਚਮੁੱਚ ਹੀ ਰਾਸ਼ਨ ਦੀ ਜ਼ਰੂਰਤ ਹੈ।