ਫਗਵਾੜਾ: ਇੱਥੇ ਕੌਮੀ ਮਾਰਗ ’ਤੇ ਬੀਤੀ ਦੇਰ ਰਾਤ ਡਾ. ਭੀਮ ਰਾਓ ਅੰਬੇਡਕਰ ਦਾ ਬੋਰਡ ਲਾਉਣ ’ਤੇ ਦੋ ਧਿਰਾਂ ਦੀ ਝੜਪ ਹੋ ਗਈ। ਦਲਿਤ ਸਮਾਜ ਨਾਲ ਜੁੜਿਆ ਇੱਕ ਧਿਰ ਫਗਵਾੜਾ ਦੇ ਗੋਲ ਚੌਕ ਵਿੱਚ ਬੋਰਡ ਲਾ ਰਿਹਾ ਸੀ ਜਿਸ ਵਿੱਚ ਲਿਖਿਆ ਸੀ ਕਿ ਇਸ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਿਆ ਜਾਂਦਾ ਹੈ।   ਸ਼ੁੱਕਰਵਾਰ ਸ਼ਾਮ ਤੋਂ ਦਲਿਤ ਸਮਾਜ ਇੱਥੇ ਫਲੈਕਸ ਬੋਰਡ ਲਾ ਕੇ ਚੌਕ ਦਾ ਨਾਂ ‘ਸੰਵਿਧਾਨ ਚੌਕ’ ਰੱਖਣਾ ਚਾਹੁੰਦਾ ਸੀ। ਦੂਜੇ ਪਾਸੇ ਜਨਰਲ ਵਰਗ ਦੇ ਲੋਕ ਵੀ ਇਕੱਠੇ ਸਨ। ਪੁਲਿਸ ਫੋਰਸ ਵੀ ਲੱਗੀ ਹੋਈ ਸੀ ਪਰ ਰਾਤ ਕਰੀਬ ਸਾਢੇ 11 ਵਜੇ ਦੋਵਾਂ ਧਿਰਾਂ ਵਿੱਚ ਇੱਟਾਂ-ਪੱਥਰ ਚੱਲਣ ਲੱਗ ਪਏ। ਭੀੜ ਵਿੱਚੋਂ ਕਿਸੇ ਨੇ ਫਾਇਰਿੰਗ ਵੀ ਕੀਤੀ। ਜਦੋਂ ਤਕ ਪੁਲਿਸ ਮੌਕੇ ’ਤੇ ਕਾਬੂ ਪਾਉਂਦੀ, ਭੀੜ ਨੇ ਹਾਈਵੇ ਦੇ ਦੋਵੇਂ ਪਾਸੇ ਖੜ੍ਹੀਆਂ ਗੱਡੀਆਂ ਨਦੀ ਤੋੜਭੰਨ ਕਰ ਦਿੱਤੀ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਗੱਡੀਆਂ ਪੁਲਿਸ ਮੁਲਾਜ਼ਮਾਂ ਦੀਆਂ ਹੀ ਸਨ। ਪੁਲਿਸ ਵੱਲੋਂ ਹਾਲਾਤ ’ਤੇ ਕਾਬੂ ਪਾਉਣ ਤੋਂ ਪਹਿਲਾਂ-ਪਹਿਲਾਂ ਇੱਥੇ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਯੱਬ ਨੇ ਹੰਗਾਮੇ ਤੋਂ ਬਾਅਦ ਕਿਹਾ ਕਿ ਹਾਲਾਤ ਹੁਣ ਕਾਬੂ ਵਿੱਚ ਹਨ। ਉਨ੍ਹਾਂ ਕਿਹਾ ਕਿ ਲੋਕ ਅਫਵਾਹਾਂ ’ਤੇ ਯਕੀਨ ਨਾ ਕਰਨ।