Chandigarh: ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵਿਰੋਧੀਆਂ ਦੇ ਹਮਲੇ ਮਗਰੋਂ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਖੰਡਰ ਬਣ ਚੁੱਕੇ ਸੇਵਾ ਕੇਂਦਰਾਂ ਨੂੰ ਸੁਧਾਰ ਨੇ ਲੋਕਾਂ ਨੂੰ ਸਿਹਤ ਸਹੁਲਤਾਂ ਦਿੱਤੀਆਂ ਜਾਣਗੀਆਂ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਖੰਡਰ ਬਣ ਚੁੱਕ ਸੇਵਾ ਕੇਂਦਰਾਂ ਨੂੰ ਮੁੜ ਤੋਂ ਬਹਾਲ ਕਰਕੇ ਲੋਕ ਸਹੂਲਤਾਂ ਲਈ ਵਰਤਾਂਗੇ, ਆਮ ਆਦਮੀ ਕਲੀਨਿਕ ਲੋਕਾਂ ਲਈ ਬਹੁਤ ਸਹਾਈ ਹੋਣਗੇ।
ਆਮ ਆਦਮੀ ਪਾਰਟੀ ਨੇ ਤਸਵੀਰ ਟਵੀਟ ਕਰਦਿਆਂ ਲਿਖਿਆ, 'ਜੇ ਨੀਅਤ ਸੱਚੀ ਹੋਵੇ, ਸਭ ਕੁਝ ਸੰਭਵ ਹੈ।'
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆ ਕਿਹਾ ਸੀ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ 'ਆਪ' ਸਰਕਾਰ ਦੇ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ। ਇਸ ਨੂੰ ਲੈਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਵੀ ਪਾਈ ਹੈ।
ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ @AAPPunjab ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ।
ਕਲੀਨਿਕ ਦੀ ਲਾਗਤ
-5 ਲੀਟਰ ਪੇਂਟ
-2 ਪੇਂਟਰ
-ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ
ਇਸ ਸਭ ਤੋਂ ਉਪਰ ਪਾਰਟੀ ਦੇ ਨਾਮ ਤੇ ਕਲੀਨਿਕ, ਆਮ ਤੌਰ ਤੇ ਕਲੀਨਿਕਾਂ ਦਾ ਨਾਮ ਪਿੰਡ ਦੇ ਨਾਮ 'ਤੇ ਰੱਖਿਆ ਜਾਂਦਾ ਹੈ ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਵਿੱਚ ਨਹੀਂ।
ਅਕਾਲੀ ਦਲ ਨੇ ਵੀ ਉਠਾਏ ਸਵਾਲ
ਉਧਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇਮ ਪਲੇਟ ਬਦਲ ਕੇ ਪੰਜਾਬੀਆਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ। ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਗਏ ਸੇਵਾ ਕੇਂਦਰਾਂ ਨੂੰ ਹੀ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ ਹੈ। 'ਆਪ' ਸਰਕਾਰ ਨੇ ਮੁਹੱਲਾ ਕਲੀਨਿਕ ਨੂੰ ਹੀ ਮਜ਼ਾਕ ਬਣਾ ਦਿੱਤਾ ਹੈ। 13 ਹਜ਼ਾਰ ਪਿੰਡਾਂ ਲਈ 75 ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਸੇਵਾ ਕੇਂਦਰਾਂ ਤੋਂ ਇੱਕ ਛੱਤ ਹੇਠ 78 ਸਰਕਾਰੀ ਸੇਵਾਵਾਂ ਦੀ ਸਹੂਲਤ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ।