Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਜ਼ਿਲਕਾ ਵਿੱਚ ਦੇਸ਼ ਦੀ ਆਜ਼ਾਦੀ ਦੇ 77 ਸਾਲ ਬਾਅਦ ਬੱਲੂਆਣਾ ਵਿੱਚ ਬਣੇ ਸਰਕਾਰੀ ਕਾਲਜ ਅਤੇ ਅਬੋਹਰ ਵਿੱਚ ਬਣੇ ਵਾਟਰ ਵਰਕਸ ਪ੍ਰਾਜੈਕਟ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਕਾਲਜ ਦੀ ਸਥਾਪਨਾ ਨਾਲ ਜਿੱਥੇ ਇਲਾਕੇ ਦੇ ਧੀਆਂ ਨੂੰ ਫ਼ਾਇਦਾ ਹੋਵੇਗਾ ਉੱਥੇ ਹੀ ਸਰਹੱਦੀ ਖੇਤਰ ਦੇ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਲ ਕਰ ਸਕਣਗੇ।  ਸਾਡੇ ਬੱਚੇ-ਬੱਚੀਆਂ ਇਸ ਕਾਲਜ ਤੋਂ ਨਾ ਸਿਰਫ਼ ਜ਼ਿੰਦਗੀ ਦੀ ਬਿਹਤਰੀ ਲਈ ਸੰਜੋਏ ਸੁਪਨਿਆਂ ਨੂੰ ਪੂਰਾ ਕਰਨਗੇ ਬਲਕਿ ਨਵੀਆਂ ਪੁਲਾਂਘਾਂ ਪੁੱਟ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।


ਦਿੱਲੀ ਵਾਂਗ ਪੰਜਾਬ 'ਚ ਵੀ ਸਿੱਖਿਆ 'ਤੇ ਸਾਡਾ ਪੂਰਾ ਜ਼ੋਰ ਹੈ। ਜਲਦੀ ਹੀ ਤੁਹਾਨੂੰ ਪੰਜਾਬ ਵਿੱਚ ਹੋਰ ਨਵੇਂ ਸ਼ਾਨਦਾਰ ਸਕੂਲ ਅਤੇ ਕਾਲਜ ਦੇਖਣ ਨੂੰ ਮਿਲਣਗੇ। ਸਿੱਖਿਆ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣੀ ਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਮੁੱਖ ਤਰਜੀਹ ਹੈ।



ਮਾਨ ਨੇ ਕਿਹਾ ਕਿ ਬੱਲੂਆਣਾ ਵਿੱਚ ਪਹਿਲਾ ਡਿਗਰੀ ਕਾਲਜ ਬਣਿਆ ਹੈ। ਜਦੋਂ ਸਕੂਲ ਜਾਂ ਕਾਲਜ ਘਰੋਂ ਦੂਰ ਹੁੰਦਾ ਹੈ ਤਾਂ ਉਸ ਦਾ ਨੁਕਸਾਨ ਉਸ ਇਲਾਕੇ ਦੀਆਂ ਕੁੜੀਆਂ ਨੂੰ ਭੁਗਤਣਾ ਪੈਂਦਾ ਹੈ। ਲੋਕ ਕਹਿੰਦੇ ਹਨ ਕਿ ਸਿੱਖਿਆ ਨਾਲੋਂ ਇੱਜ਼ਤ ਜ਼ਿਆਦਾ ਕੀਮਤੀ ਹੈ। ਕੁੜੀਆਂ ਦੇ ਵਿਆਹ 10ਵੀਂ ਤੇ 12ਵੀਂ ਤੋਂ ਬਾਅਦ ਹੋ ਜਾਂਦੇ ਹਨ। ਕਿਹੜੇ ਮਾਪੇ ਨਹੀਂ ਚਾਹੁੰਦੇ ਕਿ ਸਾਡੀਆਂ ਧੀਆਂ ਡਾਕਟਰ ਤੇ ਇੰਜੀਨੀਅਰ ਬਣਨ ? ਪਰ ਹੁਣ ਇੱਥੋਂ ਪੜ੍ਹ ਕੇ ਬੱਚੇ ਅਫਸਰ ਬਣਨਗੇ। 






ਇਸ ਮੌਕੇ ਭਗਵੰਤ ਮਾਨ ਨੇ ਇਲਾਕੇ ਦੇ ਪਿੰਡ ਡੰਗਰਖੇੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰਾ ਪਿੰਡ ਅਧਿਆਪਕਾਂ ਦਾ ਤੇ ਨਾਮ ਡੰਗਰਖੇੜਾ। ਆਉਣ ਵਾਲੇ ਦਿਨਾਂ 'ਚ ਕੇਂਦਰ ਨਾਲ ਰਾਬਤਾ ਕਾਇਮ ਕਰਕੇ ਪਿੰਡ ਡੰਗਰਖੇੜਾ ਦਾ ਨਾਮ ਬਦਲ ਕੇ ਅਧਿਆਪਕ ਖੇੜਾ ਰੱਖਿਆ ਜਾਵੇਗਾ। ਬਾਕੀ ਪਿੰਡਾਂ ਨੂੰ ਵੀ ਸਨਮਾਨਯੋਗ ਨਾਮ ਦਿੱਤੇ ਜਾਣਗੇ।



ਸੁਖਬੀਰ ਤੇ ਕੈਪਟਨ ਤੇ ਸਾਧੇ ਨਿਸ਼ਾਨੇ 


ਸੀਐਮ ਮਾਨ ਨੇ ਕਿਹਾ ਕਿ ਕੋਈ ਨੀਲਾ ਕਾਰਡ, ਪੀਲਾ ਕਾਰਡ ਅਤੇ ਗ੍ਰੀਨ ਕਾਰਡ ਕਿਸੇ ਨੂੰ ਗਰੀਬੀ ਤੋਂ ਨਹੀਂ ਚੁੱਕ ਸਕਦਾ। ਜੇ ਤੁਹਾਡੇ ਬੱਚੇ ਪੜ੍ਹੇ-ਲਿਖੇ ਹੋਣ ਤਾਂ ਗ਼ਰੀਬ ਉੱਠ ਸਕਦੇ ਹਨ। ਸੁਖਬੀਰ ਬਾਦਲ ਤੇ ਕੈਪਟਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਲੋਕ ਮਹਿਲਾਂ ਵਿੱਚ ਪੈਦਾ ਹੋਏ ਹਨ। ਜੰਮਦਿਆਂ ਹੀ ਉਨ੍ਹਾਂ ਦੇ ਮੂੰਹ ਵਿੱਚ ਸੋਨੇ ਦਾ ਚਮਚਾ ਸੀ। ਉਨ੍ਹਾਂ ਨੇ ਪਹਾੜਾਂ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਹੁਣ ਬਿਸ਼ਨੋਈ ਭਾਈਚਾਰੇ ਦੇ ਬੱਚੇ ਪੜ੍ਹ ਕੇ ਅਫਸਰ ਬਣਨਗੇ।