Sri Muktsar Sahib News: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਗਿੱਦੜਬਾਹਾ ਹਲਕੇ ਦੇ ਪਿੰਡਾਂ 'ਚ ਲੋਕਾਂ ਨੂੰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਸਰਕਾਰ ਹਰ ਗੱਲ 'ਤੇ ਕ੍ਰੈਡਿਟ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਰੇਟਾਂ 'ਚ ਵਾਧਾ ਆਪ ਸਰਕਾਰ ਨੇ ਜਿੱਤ ਤੋਂ ਬਾਅਦ ਲੋਕਾਂ ਨੂੰ ਤੋਹਫਾ ਦਿੱਤਾ ਹੈ। ਪਾਵਰ ਕਾਰਪੋਰੇਸ਼ਨ ਦਾ ਬੁਰਾ ਹਾਲ ਹੈ।

ਉਨ੍ਹਾਂ ਕਿਹਾ ਕਿ ਮੇਰੇ ਗਿੱਦੜਬਾਹਾ ਹਲਕੇ ਦਾ ਹਸਪਤਾਲ ਪੰਜਾਬ ਦਾ ਨੰਬਰ ਇੱਕ ਹਸਪਤਾਲ ਸੀ, ਜੋ ਹੁਣ ਇਨ੍ਹਾਂ ਕਬੂਤਰਖਾਨਾ ਬਣਾ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਜਿੱਤ ਨੂੰ ਇਹ ਨਹੀਂ ਕਹਿ ਸਕਦੀ ਕਿ ਇਹ ਉਨ੍ਹਾਂ ਦੀ ਕਾਰਗੁਜਾਰੀ 'ਤੇ ਮੋਹਰ ਹੈ।

ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਮਾਮਲਾ ਦਰਜ ਕਰਨ ਸਬੰਧੀ ਫੈਸਲੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਹਰ ਇੱਕ 'ਤੇ ਮਾਮਲਾ ਦਰਜ ਕਰਵਾ ਕੇ ਉਸ ਰਾਜਸੀ ਆਗੂ ਨੂੰ ਦਬਾਉਣ ਦਾ ਜੋ ਰਿਵਾਜ ਪੈ ਗਿਆ, ਉਹ ਮਾੜਾ ਹੈ। ਇਹ ਨਹੀਂ ਹੋਣਾ ਚਾਹੀਦਾ, ਉਥੇ ਹੀ ਰਾਜਸੀ ਆਗੂਆਂ ਨੂੰ ਵੀ ਭਾਸ਼ਾ ਦੀ ਮਾਣ ਮਰਿਆਦਾ ਰੱਖਣੀ ਚਾਹੀਦੀ ਹੈ।

 



 

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵਿਵਾਦਿਤ ਭਾਸ਼ਣ ਨੂੰ ਲੈ ਕੇ ਰਾਜਸਥਾਨ ਕਾਂਗਰਸ ਕਮੇਟੀ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।  ਦਰਅਸਲ ਰੰਧਾਵਾ ਦੇ ਇਸ ਵਿਵਾਦਤ ਬਿਆਨ 'ਤੇ ਪ੍ਰਦੇਸ਼ ਭਾਜਪਾ ਨੇਤਾ (ਭਾਜਪਾ ਨੇਤਾ) ਅਤੇ ਰਾਮਗੰਜ ਮੰਡੀ ਤੋਂ ਵਿਧਾਇਕ ਮਦਨ ਦਿਲਾਵਰ ਨੇ ਅਦਾਲਤ 'ਚ ਅਰਜੀ ਪੇਸ਼ ਕੀਤੀ ਹੈ, ਜਿਸ 'ਤੇ ਅਦਾਲਤ ਨੇ ਰਾਜਸਥਾਨ ਦੇ ਕਾਂਗਰਸ ਦੇ ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 ਜਾਣੋ ਕੀ ਸੀ ਪੂਰਾ ਮਾਮਲਾ?

ਐਡਵੋਕੇਟ ਮਨੋਜਪੁਰੀ ਨੇ ਦੱਸਿਆ ਕਿ ਮਦਨ ਦਿਲਾਵਰ ਵੱਲੋਂ ਪੇਸ਼ ਕੀਤੇ ਸਬੂਤਾਂ ਵਿੱਚ ਦੱਸਿਆ ਗਿਆ ਹੈ ਕਿ 13 ਮਾਰਚ ਨੂੰ ਜੈਪੁਰ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਸੀ। ਜਿਸ ਵਿਚ ਕਾਂਗਰਸ ਦੇ ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਵਾਦਤ ਬਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਸੀ, ‘‘ਆਪਣੀ ਲੜਾਈ ਖ਼ਤਮ ਕਰੋ, ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਰੋ। ਜੇ ਮੋਦੀ ਖ਼ਤਮ ਹੋ ਗਿਆ ਤਾਂ ਹਿੰਦੁਸਤਾਨ ਬਚ ਜਾਵੇਗਾ। ਜੇਕਰ ਮੋਦੀ ਰਿਹਾ ਤਾਂ ਹਿੰਦੁਸਤਾਨ ਖ਼ਤਮ ਹੋ ਜਾਵੇਗਾ।’’