Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰੀ ਖਿਲਾਫ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 15 ਅਗਸਤ ਤੋਂ ਬਾਅਦ ਸਮੱਗਲਰਾਂ ਵਿਰੁੱਧ ਤੇਜ਼ ਤੇ ਤਿੱਖੀ ਕਾਰਵਾਈ ਕੀਤੀ ਜਾਵੇਗੀ। ਇਸ ਦਾ ਸਾਫ ਫਰਕ ਨਜ਼ਰ ਆਵੇਗਾ। 


ਉਨ੍ਹਾਂ ਕਿਹਾ ਕਿ ਅਸੀਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਤੇ ਪੰਜਾਬ ਦੇ ਸਿਰ ਤੋਂ ਕਲੰਕ ਧੋਣ ਲਈ ਤਿੰਨ-ਪੱਧਰੀ ਯੋਜਨਾ ਤਿਆਰ ਕੀਤੀ ਹੈ। ਇਸ ਬਾਰੇ ਅਜੇ ਦੱਸਿਆ ਨਹੀਂ ਜਾ ਸਕਦਾ। ਜੇਕਰ ਇਹ ਲੀਕ ਹੋ ਗਈ ਤਾਂ ਤਸਕਰ ਕੋਈ ਹੋਰ ਰਾਹ ਲੱਭ ਲੈਣਗੇ। ਇਹ ਯੋਜਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। 


 



ਸੀਐਮ ਮਾਨ ਨੇ ਕਿਹਾ ਕਿ ਸਮੱਗਲਰਾਂ ਨੇ ਪੰਜਾਬ ਵਿੱਚ ਇੱਕ ਵੱਡਾ ਤੇ ਖਤਰਨਾਕ ਗਠਜੋੜ ਬਣਾ ਲਿਆ ਹੈ, ਜਿਸ ਨੂੰ ਤੋੜਨ ਲਈ ਉਹ ਸਹੀ ਰਾਹ ਲੱਭ ਰਹੇ ਹਨ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਯੂਰੀਆ ਦੀ ਬੋਰੀ ਨੂੰ ਉਲਟ ਪਾਸੇ ਤੋਂ ਖੋਲ੍ਹਣ ਲਈ ਅੱਧਾ ਦਿਨ ਲੱਗ ਜਾਂਦਾ ਹੈ ਤੇ ਇਹ ਸਹੀ ਸਿਰੇ ਤੋਂ ਚਾਰ ਸਕਿੰਟਾਂ ਵਿੱਚ ਖੁੱਲ੍ਹ ਜਾਂਦੀ ਹੈ। 



ਇਹ ਗੱਲਾਂ ਸੀਐਮ ਭਗਵੰਤ ਮਾਨ ਨੇ ਸੋਮਵਾਰ ਨੂੰ ਧੂਰੀ ਦੇ ਪਿੰਡ ਰਾਜੋਮਾਜਰਾ ਵਿੱਚ ਕਹੀਆਂ। ਉਹ ਨਵੇਂ ਆਮ ਆਦਮੀ ਕਲੀਨਿਕ ਦੇ ਉਦਘਾਟਨ ਸਮਾਰੋਹ ਵਿੱਚ ਪੁੱਜੇ ਸਨ। ਉਨ੍ਹਾਂ ਕਿਹਾ ਕਿ ਤਸਕਰ ਪਹਿਲਾਂ ਵੀ ਫੜੇ ਗਏ ਸਨ ਤੇ ਨਿੱਤ ਫੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਾ ਖਤਮ ਹੋਵੇਗਾ। 


ਉਨ੍ਹਾਂ ਕਿਹਾ ਕਿ ਸਮੱਗਲਰਾਂ 'ਤੇ ਸ਼ਿਕੰਜਾ ਕੱਸ ਕੇ ਅਜਿਹਾ ਜਾਲ ਬਣਾ ਦਿੱਤਾ ਗਿਆ ਹੈ ਕਿ ਇਹ ਇਕ ਵਾਰ ਫਸ ਜਾਣ ਤੋਂ ਬਾਅਦ ਮੁੜ ਪੰਜਾਬ ਦੀ ਜਵਾਨੀ ਨੂੰ ਲੁੱਟਣ ਬਾਰੇ ਨਹੀਂ ਸੋਚਣਗੇ। ਮਾਫੀਆ ਸਾਡਾ ਚਾਚਾ-ਭਤੀਜਾ ਨਹੀਂ। ਸਾਡੇ ਵਿਧਾਇਕ-ਮੰਤਰੀ ਕੋਈ ਨਸ਼ਾ ਨਹੀਂ ਵੇਚ ਰਹੇ। 'ਖੇਡਾਂ ਵਤਨ ਪੰਜਾਬ ਦੀਆ' ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਨਵੇਂ ਬੱਚੇ ਨਸ਼ਿਆਂ ਵੱਲ ਨਾ ਜਾਣ। ਬੱਚਿਆਂ ਨੂੰ ਖੇਡਾਂ ਵੱਲ ਲਿਆਂਦਾ ਗਿਆ ਹੈ। ਪੁਲਿਸ ਵਿੱਚ ਭਰਤੀ ਸ਼ੁਰੂ ਕੀਤੀ ਗਈ ਹੈ। ਹਰ ਸਾਲ 2200 ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।