PSEB 10th Result 2023 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ , ਜਿਸ ਵਿੱਚ 3 ਕੁੜੀਆਂ ਨੇ ਟਾਪ ਕੀਤਾ ਹੈ। ਇਸ ਵਿਚ ਫਰੀਦਕੋਟ ਦੀ ਗਗਨਦੀਪ ਕੌਰ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ,ਦੁਜੇ ਨੰਬਰ 'ਤੇ ਫਰੀਦਕੋਟ ਦੀ ਨਵਜੋਤ ਕੌਰ ਅਤੇ ਤੀਜੇ ਨੰਬਰ 'ਤੇ ਮਾਨਸਾ ਦੀ ਹਰਮਨਦੀਪ ਕੌਰ ਰਹੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10ਵੀਂ ਜਮਾਤ ਦੀ ਪ੍ਰੀਖਿਆ 'ਚੋਂ ਅੱਵਲ ਆਉਣ ਵਾਲੇ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

 





ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ , ਅੱਜ PSEB ਦੇ ਦਸਵੀਂ ਦੇ ਨਤੀਜੇ ਐਲਾਨੇ ਗਏ..ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ…ਪਹਿਲੇ ਤੇ ਦੂਜੇ ਸਥਾਨ ‘ਤੇ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ…ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਵਧਾਈਆਂ…ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ...

 


 ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਬੋਰਡ ਦਾ ਨਤੀਜਾ ਜਾਰੀ ਕੀਤਾ। ਕੁੱਲ ਨਤੀਜਾ 97.54 ਫੀਸਦੀ ਰਿਹਾ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਪ੍ਰਤੀਸ਼ਤ ਤੇ ਪ੍ਰਾਈਵੇਟ ਸਕੂਲਾਂ ਦੀ 97 ਪ੍ਰਤੀਸ਼ਤ ਰਹੀ। 


 ਇਹ ਵੀ ਪੜ੍ਹੋ : ਅਸਮਾਨ ਤੋਂ ਕਿਉਂ ਡਿੱਗਦੀ ਹੈ ਬਿਜਲੀ ? ਕੀ ਅਜਿਹੀ ਸਥਿਤੀ 'ਚ ਦਰਖਤ ਹੇਠਾਂ ਖੜ੍ਹਨਾ ਸਹੀ ਹੈ ? ਜਵਾਬ ਪੜ੍ਹੋ


ਇਸ ਤੋਂ ਇਲਾਵਾ ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਲੈ ਕੇ 100 ਫੀਸਦੀ ਅੰਕ ਨਾਲ ਟੌਪ ਕੀਤਾ ਹੈ। ਫਰੀਦਕੋਟ ਦੀ ਨਵਜੋਤ 648 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ। ਜਦਕਿ ਮਾਨਸਾ ਦੀ ਹਰਮਨਦੀਪ 646 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ।


ਬੋਰਡ ਦੇ ਬੁਲਾਰੇ ਮੁਤਾਬਕ ਲੜਕੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 98.46 ਪ੍ਰਤੀਸ਼ਤ ਤੇ ਲੜਕਿਆਂ ਦੀ 96.73 ਪ੍ਰਤੀਸ਼ਤ ਹੈ। ਇਸ ਪ੍ਰੀਖਿਆ ਵਿੱਚ 2 ਲੱਖ 81 ਹਜ਼ਾਰ 327 ਵਿਦਿਆਰਥੀ ਬੈਠੇ ਸਨ। ਜਿਨ੍ਹਾਂ ਵਿੱਚੋਂ 2 ਲੱਖ 74 ਹਜ਼ਾਰ 400 ਪਾਸ ਹੋਏ। 6171 ਦੀ ਕੰਪਾਰਟਮੈਂਟ ਆਈ। 653 ਵਿਦਿਆਰਥੀ ਫੇਲ੍ਹ ਹੋਏ ਹਨ। ਸਾਰੇ ਜ਼ਿਲ੍ਹਿਆਂ ਵਿੱਚੋਂ ਪਠਾਨਕੋਟ ਪਹਿਲੇ ਨੰਬਰ ’ਤੇ ਰਿਹਾ। ਇੱਥੇ 99.19 ਫੀਸਦੀ ਵਿਦਿਆਰਥੀ ਪਾਸ ਹੋਏ।