Punjab News: ਮੁੱਖ ਮੰਤਰੀ ਭਗਵੰਤ ਮਾਨ ਤੇ ਪਟਵਾਰੀਆਂ ਵਿਚਾਲੇ ਖੜਕ ਗਈ ਹੈ। ਦੋਵਾਂ ਧਿਰਾਂ ਵੱਲੋਂ ਨਰਮ ਪੈਣ ਦੀ ਬਜਾਏ ਤਿੱਖੇ ਤੇਵਰ ਵਿਖਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਐਸਮਾ ਲਾਉਣ ਮਗਰੋਂ ਪਟਵਾਰੀਆਂ ਨੇ ਵਾਧੂ ਚਾਰਜ ਵਾਲਾ ਕੰਮ ਛੱਡ ਦਿੱਤਾ ਤਾਂ ਸੀਐਮ ਮਾਨ ਤਿੱਖਾ ਵਾਰ ਕਰਦਿਆਂ ਵੱਡਾ ਐਲਾਨ ਕਰ ਕੀਤਾ ਹੈ।


ਸੀਐਮ ਭਗਵੰਤ ਮਾਨ ਨੇ 741 ਨਵੇਂ ਪਟਵਾਰੀਆਂ ਨੂੰ ਫੀਲਡ ਵਿੱਚ ਉਤਾਰਦਿਆਂ ਹੋਰ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਟਵਾਰੀਆਂ ਦੀ ਹਾਜ਼ਰੀ ਬਾਇਓਮੀਟ੍ਰਿਕ ਰਾਹੀਂ ਲਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਪਟਵਾਰੀਆਂ ਨੇ ਅੱਗੇ ਬੰਦੇ ਰੱਖੇ ਹੋਏ ਹਨ। ਉਹ ਦਫਤਰ ਆਉਂਦੇ ਹੀ ਨਹੀਂ ਤੇ ਹੋਰ ਕੰਮ ਕਰਦੇ ਹਨ। ਇਸ ਲਈ ਬਾਇਓਮੀਟ੍ਰਿਕ ਲਾਜ਼ਮੀ ਕੀਤੀ ਜਾ ਰਹੀ ਹੈ।


 



ਦਰਅਸਲ ਪੰਜਾਬ ਵਿੱਚ ਪਟਵਾਰੀਆਂ ਤੇ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਦੋਂ ਭਗਵੰਤ ਮਾਨ ਸਰਕਾਰ ਨੇ ਪਟਵਾਰੀਆਂ ਦੀ ਕਲਮ ਛੋਡ ਹੜਤਾਲ ਨੂੰ ਖਤਮ ਕਰਾਉਣ ਲਈ ਸੂਬੇ ਵਿੱਚ ਐਸਮਾ ਐਕਟ ਲਾਗੂ ਕੀਤਾ ਤਾਂ ਪਟਵਾਰੀਆਂ ਨੇ ਸਿਰਫ ਆਪਣੇ ਸਰਕਲਾਂ ਵਿੱਚ ਹੀ ਕੰਮ ਕਰਨ ਦਾ ਐਲਾਨ ਕਰ ਦਿੱਤਾ। ਸਰਕਾਰ ’ਤੇ ਦਬਾਅ ਬਣਾਉਣ ਲਈ ਪਟਵਾਰੀਆਂ ਨੇ ਆਪਣੇ ਕੋਲ ਵਾਧੂ ਸਰਕਲਾਂ ਦਾ ਕੰਮ ਛੱਡ ਦਿੱਤਾ।



ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਦੇ ਦਬਾਅ ਅੱਗੇ ਝੁਕਣ ਤੇ ਗੱਲਬਾਤ ਰਾਹੀਂ ਕੋਈ ਵਿਚਕਾਰਲਾ ਰਸਤਾ ਲੱਭਣ ਦੀ ਬਜਾਏ ਸਿਖਲਾਈ ਲੈ ਰਹੇ 741 ਪਟਵਾਰੀਆਂ ਨੂੰ ਫੀਲਡ ਵਿੱਚ ਉਤਾਰ ਦਿੱਤਾ ਹੈ। ਸੀਐਮ ਭਗਵੰਤ ਮਾਨ ਨੇ ਖੁਦ ਇਹ ਜਾਣਕਾਰੀ ਲਾਈਵ ਹੋ ਕੇ ਦਿੱਤੀ। ਉਨ੍ਹਾਂ ਦੱਸਿਆ ਕਿ 741 ਅੰਡਰ ਟ੍ਰੇਨਿੰਗ ਪਟਵਾਰੀਆਂ ਦੀ 15 ਮਹੀਨੇ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ। ਇਹ ਟ੍ਰੇਨਿੰਗ 18 ਮਹੀਨੇ ਦੀ ਹੁੰਦੀ ਹੈ। ਹੁਣ ਮਹਿਜ਼ 3 ਮਹੀਨੇ ਪਹਿਲਾਂ ਇਨ੍ਹਾਂ ਨੂੰ ਖਾਲੀ ਥਾਵਾਂ (ਪਟਵਾਰ ਸਰਕਲ) ਵਿੱਚ ਲਾਇਆ ਜਾ ਰਿਹਾ ਹੈ।



ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਟਵਾਰੀ ਟੈਸਟ ਪਾਸ ਕਰਨ ਵਾਲੇ 710 ਬਿਨੈਕਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਕੰਮ ਇਸ ਲਈ ਲਟਕਿਆ ਹੈ ਕਿਉਂਕਿ ਪੁਲਿਸ ਵੈਰੀਫਿਕੇਸ਼ਨ ਸਮੇਤ ਹੋਰ ਰਸਮੀ ਕਾਰਵਾਈਆਂ ਅਜੇ ਪੂਰੀਆਂ ਨਹੀਂ ਹੋਈਆਂ। ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਵਿਭਾਗ ਨੂੰ ਤਸਦੀਕ ਦੀਆਂ ਰਸਮਾਂ ਪੂਰੀਆਂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਵੀ ਜਲਦੀ ਹੀ ਮਾਲ ਵਿਭਾਗ ਕੋਲ ਆ ਜਾਣਗੇ।



ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਜਲਦੀ ਹੀ 586 ਪਟਵਾਰੀਆਂ ਦੀਆਂ ਨਵੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ। ਸਰਕਾਰ ਨੇ ਇਨ੍ਹਾਂ ਅਸਾਮੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਲਦ ਹੀ ਵਿਭਾਗ ਨੂੰ ਇਨ੍ਹਾਂ ਅਸਾਮੀਆਂ ਲਈ ਪ੍ਰਤੀਯੋਗੀ ਪ੍ਰੀਖਿਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।


ਇਸ ਤੋਂ ਇਲਾਵਾ ਪਟਵਾਰੀਆਂ ਦੀ ਹਾਜ਼ਰੀ ਬਾਇਓਮੀਟ੍ਰਿਕ ਹੋਵੇਗੀ। ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਟਵਾਰੀਆਂ ਨੇ ਅਗਲੇ ਕੰਮ ਲਈ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਹੋਇਆ ਹੈ। ਉਹ ਆਪਣੇ ਤੌਰ 'ਤੇ ਡਿਊਟੀ 'ਤੇ ਆਉਣ ਦੀ ਬਜਾਏ ਕੋਈ ਹੋਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਸ਼ਿਕਾਇਤ ਦਾ ਨਿਪਟਾਰਾ ਵੀ ਬਾਇਓਮੈਟ੍ਰਿਕ ਹਾਜ਼ਰੀ ਨਾਲ ਕੀਤਾ ਜਾਵੇਗਾ।