CM Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਲੜੀਵਾਰ ਸਮਾਗਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

Continues below advertisement



ਇੱਥੇ ਆਪਣੇ ਸਰਕਾਰੀ ਨਿਵਾਸ ਸਥਾਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਲੜੀਵਾਰ ਸਮਾਗਮ ਕਰਵਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ।



ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਅਤੇ ਫ਼ਲਸਫ਼ੇ 'ਤੇ ਖੋਜ ਕਾਰਜਾਂ ਲਈ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਵਿੱਚ ਚੇਅਰ ਸਥਾਪਤ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਦੇ ਇਤਿਹਾਸ ਨੂੰ ਬਿਆਨਦਾ ਕਿਤਾਬਚਾ ਜਾਰੀ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਦੀ ਬਾਣੀ 'ਤੇ ਵੀ ਬੁੱਕਲੈੱਟ (ਕਿਤਾਬਚਾ) ਜਾਰੀ ਕੀਤੀ ਜਾਵੇਗੀ।


ਮੁੱਖ ਮੰਤਰੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੰਡਰ-17 ਫੁੱਟਬਾਲ ਟੂਰਨਾਮੈਂਟ ਦੇ ਨਾਲ-ਨਾਲ ਰਾਜ ਭਰ ਵਿੱਚ ਵਿਸ਼ਵ ਸ਼ਾਂਤੀ ਸੰਮੇਲਨ ਅਤੇ ਵਿਸ਼ਵ ਅੰਤਰ-ਧਰਮ ਸੰਮੇਲਨ ਕਰਵਾਉਣ ਦੀ ਵੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਅਤੇ ਵਿਲੱਖਣ ਕੁਰਬਾਨੀ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ, ਨੂੰ ਸਿਜਦਾ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੈਮੀਨਾਰ ਵੀ ਕਰਵਾਏ ਜਾਣਗੇ।


ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦੇ ਨਾਲ-ਨਾਲ ਰਾਜ ਭਰ ਵਿੱਚ ਹੋਰ ਲੜੀਵਾਰ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਗੁਰੂ ਸਾਹਿਬ ਦੀਆਂ ਚਰਨ-ਛੋਹ ਪ੍ਰਾਪਤ ਥਾਵਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਇਆ ਜਾਵੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਖੇਡ, ਉਚੇਰੀ ਸਿੱਖਿਆ, ਸੈਰ-ਸਪਾਟਾ ਅਤੇ ਸੱਭਿਆਚਾਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਜ਼ਰੀਏ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਸੈਮੀਨਾਰ, ਕਾਨਫਰੰਸਾਂ, ਕੀਰਤਨ ਦਰਬਾਰ, ਲਾਈਟ ਐਂਡ ਸਾਊਂਡ ਸ਼ੋਅ, ਕਿਤਾਬਾਂ ਪ੍ਰਕਾਸ਼ਿਤ ਕਰਨ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਉਤਸ਼ਾਹ ਨਾਲ ਕਰਵਾਏ ਜਾਣਗੇ।


ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਪਹਿਲੇ ਸਮਰਥਕ ਸਨ, ਦੀ ਸ਼ਾਨਾਮੱਤੀ ਵਿਰਾਸਤ ਨੂੰ ਸਦੀਵੀ ਰੱਖਣ ਲਈ ਜੰਮੂ ਤੋਂ ਦਿੱਲੀ ਵਾਇਆ ਬਾਬਾ ਬਕਾਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੱਕ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਰੂਪਨਗਰ, ਮਾਨਸਾ, ਬਠਿੰਡਾ, ਪਟਿਆਲਾ, ਜਲੰਧਰ, ਸੰਗਰੂਰ, ਐਸਬੀਐਸ ਨਗਰ, ਤਰਨਤਾਰਨ, ਸ੍ਰੀ ਫਤਿਹਗੜ੍ਹ ਸਾਹਿਬ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਐਸ.ਏ.ਐਸ.ਨਗਰ ਸਮੇਤ ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 63 ਥਾਵਾਂ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।