ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਣ ਮਾਜਰਾ ਦੇ ਘਰ ਈਡੀ ਦੀ ਰੇਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਛਾਪੇਮਾਰੀ ਕਰ ਰਹੇ ਹਨ ਤੇ ਕੁਝ ਨਹੀਂ ਮਿਲ ਰਿਹਾ। ਉਸੇ ਤਰ੍ਹਾਂ ਪੰਜਾਬ ਵਿੱਚ ਵੀ ਤੁਹਾਨੂੰ ਕੁਝ ਨਹੀਂ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਸਿਰਫ ਲੋਕਾਂ ਦਾ ਪਿਆਰ ਹੈ, ਇਹ ਲੋਕ ਜਿੰਨੀ ਮਰਜ਼ੀ ਰੇਡ ਕਰਕੇ ਦੇਖ ਲੈਣ ਪਿਆਰ ਦੇ ਸਿਵਾਏ ਹੋਰ ਕੁਝ ਨਹੀਂ ਮਿਲਣ ਵਾਲਾ ਹੈ।
ਦੱਸ ਦੇਈਏ ਕਿ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਦੇ ਘਰ ਬੀਤੇ ਕੱਲ ਈਡੀ ਦੀ ਛਾਪੇਮਾਰੀ ਕਰੀਬ 14 ਘੰਟੇ ਤੱਕ ਚੱਲੀ। ਈਡੀ ਨੇ ਉਸ ਦੇ ਘਰ, ਸਕੂਲ ਅਤੇ ਫੈਕਟਰੀ ‘ਤੇ ਛਾਪਾ ਮਾਰਿਆ ਤੇ ਕੁਝ ਦਸਤਾਵੇਜ਼ ਜ਼ਬਤ ਕੀਤੇ। ਖ਼ਬਰਾਂ ਅਨੁਸਾਰ 32 ਲੱਖ ਦੀ ਨਕਦੀ ਵੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਗੱਜਣਮਾਜਰਾ ਤੇ ਉਸ ਦੇ ਭਰਾ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ।
ਜ਼ਿਕਰਯੋਗ ਹੈ ਕਿ ਈਡੀ ਵੱਲੋਂ ਪੰਜਾਬ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਈਡੀ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਘਰਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਪੰਜਾਬ ਦੇ ਵਿਧਾਇਕ ਜਸਵੰਤ ਸਿੰਘ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਸੀਬੀਆਈ ਨੇ ਵਿਧਾਇਕ ਗੱਜਣਮਾਜਰਾ ਦੇ ਘਰ ਛਾਪੇਮਾਰੀ ਕੀਤੀ ਸੀ। ਬੈਂਕ ਫਰਾਡ ਮਾਮਲੇ ਦੀ ਜਾਂਚ ਦੌਰਾਨ ਸੀਬੀਆਈ ਨੇ ਇਹ ਕਾਰਵਾਈ ਕੀਤੀ ਸੀ। CBI ਦੀ ਕਾਰਵਾਈ ਤੋਂ ਬਾਅਦ ਹੁਣ ED ਨੇ ਗੱਜਣਮਾਜਰਾ ‘ਤੇ ਸ਼ਿਕੰਜਾ ਕੱਸ ਦਿੱਤਾ ਹੈ।
ਈਡੀ ਦੀਆਂ ਵੱਖ -ਵੱਖ ਟੀਮਾਂ ਵੱਲੋਂ ਵਿਧਾਇਕ ਦੀ ਫੈਕਟਰੀ ਸਮੇਤ ਉਕਤ ਥਾਵਾਂ ਉਪਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਇਨੋਵਾ ਕਾਰ 'ਤੇ 9 10 ਅਧਿਕਾਰੀ ਹਨ। ਉਧਰ ਦੂਜੇ ਪਾਸੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਈਡੀ ਦੀ ਜਾਂਚ ’ਚ ਪੂਰਾ ਸਹਿਯੋਗ ਕਰਨਗੇ। ਈਡੀ ਦੇ ਅਫਸਰਾਂ ਨੇ ਵਿਧਾਇਕ ਗੱਜਣ ਮਾਜਰਾ ਤੇ ਉਸਦੇ ਭਰਾ ਦੇ ਬਿਆਨ ਵੀ ਦਰਜ ਕੀਤੇ ਹਨ।
ਦੱਸਣਯੋਗ ਹੈ ਕਿ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਉਦੋਂ ਚਰਚਾ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਸਿਰਫ 1 ਰੁਪਈਆ ਹੀ ਤਨਖਾਹ ਲੈਣਗੇ। ਗੱਜਣ ਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਇਸ ਲਈ ਉਹ ਬਤੌਰ ਵਿਧਾਇਕ 1 ਰੁਪਈਆ ਹੀ ਤਨਖਾਹ ਲੈਣਗੇ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸ਼ੋ੍ਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ।