Punjab News: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚੇ। ਉਨ੍ਹਾਂ ਨੇ ਸ਼ਨੀਵਾਰ ਨੂੰ ਜਲੰਧਰ ਵਿੱਚ ਹੋਏ ਪੀਏਪੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਪੰਜਾਬ 'ਆਪ' ਮੁਖੀ ਅਮਨ ਅਰੋੜਾ ਸਣੇ ਕਈ ਵਿਧਾਇਕ ਅਤੇ ਮੰਤਰੀ ਸ਼ਾਮਲ ਹੋਏ। ਪ੍ਰੋਗਰਾਮ 10 ਵਜੇ ਦਾ ਨਿਰਧਾਰਤ ਸੀ, ਪਰ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ 2.30 ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਇਸ ਦੌਰਾਨ ਸੀਐਮ ਮਾਨ ਨੇ ਪੰਜਾਬ ਦੇ ਪਾਣੀ ਦੇ ਮੁੱਦੇ, ਨਸ਼ਾਖੋਰੀ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ।
ਪਾਣੀ ਦੇ ਮੁੱਦੇ 'ਤੇ ਸੀਐਮ ਮਾਨ ਨੇ ਹਰਿਆਣਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਲਈ ਕਤਲ ਹੋ ਜਾਂਦੇ ਹਨ, ਇਸ ਕਰਕੇ ਪੰਜਾਬ ਵਿੱਚੋਂ ਕਿਸੇ ਨੂੰ ਵੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਵੱਖਰੀ ਰਣਨੀਤੀ ਦਾ ਵੀ ਐਲਾਨ ਕੀਤਾ ਗਿਆ ਹੈ।
ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਜਿਸ ਤੋਂ ਬਾਅਦ ਸੀਐਮ ਮਾਨ ਨੇ ਕਿਹਾ- ਅਸੀਂ ਇੱਕ ਨਕਸ਼ਾ ਬਣਾ ਕੇ ਨਸ਼ੇ ਵਿਰੁੱਧ ਜੰਗ ਲੜਨ ਜਾ ਰਹੇ ਹਾਂ। ਇਸੇ ਤਰ੍ਹਾਂ, ਅਸੀਂ ਨਸ਼ੇ ਦੀ ਲਤ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਹੈ। ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਇੱਕ ਯੋਜਨਾ ਬਣਾਈ ਗਈ ਅਤੇ ਇਸ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।
ਨੀਂਹ ਰੱਖਣ ਵਿੱਚ ਜ਼ਰੂਰ ਕੁਝ ਸਮਾਂ ਲੱਗਿਆ। ਪਰ ਹੁਣ ਤੇਜ਼ੀ ਨਾਲ ਕੰਮ ਹੋਵੇਗਾ। ਸੀਐਮ ਮਾਨ ਨੇ ਅੱਗੇ ਕਿਹਾ ਕਿ ਪਿੰਡ ਦੇ ਮਜ਼ਦੂਰਾਂ ਨੂੰ ਠਿਕਰੀ ਪਹਿਰਾ ਦੇਣਾ ਪਵੇਗਾ। ਹਰ ਰੋਜ਼ 200 ਤੋਂ ਵੱਧ ਪੰਚਾਇਤਾਂ ਇਹ ਫੈਸਲਾ ਲੈ ਰਹੀਆਂ ਹਨ ਕਿ ਅਸੀਂ ਨਸ਼ਾ ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ। ਇਸ ਦੇ ਨਾਲ ਹੀ ਕਈ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਕਿਤੇ ਵੀ ਨਸ਼ੇ ਵਿਕ ਰਹੇ ਹਨ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਹੁਣ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ, ਕਿਸੇ ਦੇ ਘਰ ਦਾ ਦੀਵਾ ਬੁਝਾ ਕੇ ਪਾਪ ਦੀ ਕਮਾਈ ਨਾਲ ਬਣਾਏ ਮਹਿਲਾਂ 'ਤੇ ਅਸੀਂ ਦੀਪਮਾਲਾ ਨਹੀਂ ਜਗਣ ਦੇਣੀ। ਆਉਣ ਵਾਲੇ ਦਿਨਾਂ 'ਚ ਵੱਡੇ-ਵੱਡੇ ਨਾਮੀ ਨਸ਼ਾ ਤਸਕਰਾਂ ਦੇ ਕਾਲੀ ਕਮਾਈ ਨਾਲ ਬਣਾਏ ਮਹਿਲ ਢਹਿਣਗੇ। ਨਸ਼ਿਆਂ ਨਾਲ ਬਰਬਾਦ ਹੋਏ ਘਰਾਂ ਦਾ ਸੰਤਾਪ ਸਭ ਤੋਂ ਵੱਧ ਸਾਡੀਆਂ ਮਾਵਾਂ-ਭੈਣਾਂ ਨੇ ਝੱਲਿਆ ਹੈ। ਇਸ ਦਰਦ ਤੋਂ ਛੁਟਕਾਰੇ ਦੀ ਖੁਸ਼ੀ ਕੱਲ੍ਹ ਮੈਂ ਇੱਕ ਵੀਡੀਓ ਦੇਖ ਕੇ ਮਹਿਸੂਸ ਕੀਤੀ, ਜਦੋਂ ਨਸ਼ਾ ਤਸਕਰ ਦਾ ਘਰ ਢਹਿੰਦਾ ਦੇਖ ਕੇ ਇੱਕ ਔਰਤ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਪਾਣੀ ਨੂੰ ਲੈਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ
ਹਰਿਆਣਾ ਨੇ ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਕੀਤੀ, ਪਰ ਅਸੀਂ ਹਰਿਆਣਾ ਨੂੰ ਕੋਰੀ ਨਾਂਹ ਕੀਤੀ ਹੈ। ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰਕੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਈ ਹੈ। ਅਸੀਂ ਸਾਡੇ ਅੰਨਦਾਤਾ ਨੂੰ ਫ਼ਸਲ ਲਈ ਪਾਣੀ ਦੀ ਕਮੀ ਨਹੀਂ ਆਉਣ ਦੇਵਾਂਗੇ। ਬੀਜੇਪੀ ਵੱਲੋਂ ਕੋਝੀ ਚਾਲ ਚੱਲ ਕੇ ਪੰਜਾਬ ਦੀ ਸਹਿਮਤੀ ਤੋਂ ਬਿਨਾਂ BBMB ਦੇ ਜ਼ਰੀਏ ਪੰਜਾਬ ਦੇ ਪਾਣੀਆਂ' ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਸੀਂ ਇਨ੍ਹਾਂ ਦੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦੇ ਪਾਣੀ 'ਤੇ ਪੰਜਾਬੀਆਂ ਦਾ ਹੱਕ ਤੇ ਅਸੀਂ 1-1 ਬੂੰਦ ਦੀ ਰਾਖੀ ਕਰਾਂਗੇ।
ਅਸੀਂ ਪਿੰਡਾਂ ਨੂੰ ਜੋੜਨ ਵਾਲੀਆਂ 19,000 ਕਿਲੋਮੀਟਰ ਲਿੰਕ ਸੜਕਾਂ ਬਣਾ ਰਹੇ ਹਾਂ, ਜਿਸ ਲਈ 3500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਾਰੇ ਵਿਭਾਗਾਂ ਦੇ ਅਫ਼ਸਰਾਂ ਨਾਲ ਤਾਲਮੇਲ ਕਰਕੇ ਸ਼ਾਨਦਾਰ ਤੇ ਮਜ਼ਬੂਤ ਸੜਕਾਂ ਬਣਾਵਾਂਗੇ।