Bhagwant Mann Press Conference : ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ AAP ਛੱਡਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (BJP) 'ਤੇ ਤਿੱਖੇ ਹਮਲੇ ਬੋਲੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਮੁੜ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ ਕਿ ਭਾਜਪਾ ਦੀ ਪੰਜਾਬੀਆਂ ਨਾਲ ਬਣਦੀ ਨਹੀਂ ਹੈ। ਜਿਸ ਨਾਲ ਪੰਜਾਬੀ ਖੁਸ਼ ਹੁੰਦੇ ਹਨ ,ਉਸਨੂੰ ਉਹ ਭਾਜਪਾ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਸਾਡੀ ਸਰਕਾਰ ਬਣੀ ਤਾਂ ਸਾਡਾ ਆਰਡੀਐਫ ਦਾ ਪੈਸਾ ਰੋਕਿਆ ਗਿਆ।
ਮਾਨ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਲੇਵਾਂ ਲੋਕਤੰਤਰ ਦੀ ਹੱਤਿਆ ਹੈ। CM ਮਾਨ ਨੇ ਭਾਜਪਾ 'ਤੇ ਤੰਜ ਕੱਸਦਿਆਂ ਕਿਹਾ ਕਿ ਇਹ ਪਾਰਟੀ ਦੂਜੀਆਂ ਪਾਰਟੀਆਂ ਨੂੰ ਖਤਮ ਕਰਨ ਅਤੇ ਆਗੂਆਂ ਨੂੰ ਨਿਗਲਣ ਵਾਲੀ ਪਾਰਟੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸੱਤ ਰਾਜ ਸਭਾ ਮੈਂਬਰ ਗਏ ਹਨ, ਉਹ ਹੁਣ ਭਾਜਪਾ ਦੀ 'ਵਾਸ਼ਿੰਗ ਮਸ਼ੀਨ' ਵਿੱਚ ਧੋਤੇ ਜਾਣਗੇ। ਉਨ੍ਹਾਂ ਦਾ ਇਸ਼ਾਰਾ ਸੀ ਕਿ ਭਾਜਪਾ ਵਿੱਚ ਜਾ ਕੇ ਇਨ੍ਹਾਂ ਦੇ ਸਾਰੇ 'ਦਾਗ' ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਭਾਜਪਾ ਕੱਢੇ ਹੋਏ, ਵੱਢੇ ਹੋਏ ਅਤੇ ਛੱਡੇ ਹੋਏ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।"
ਉਨ੍ਹਾਂ ਕਿਹਾ ਕਿ ਬੀਜੇਪੀ ਜਿਸ ਨਾਲ ਰਲੇਵਾਂ ਕਰਦੀ ਹੈ, ਉਸਨੂੰ ਖਾ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੱਤ ਬੰਦੇ ਪਾਰਟੀ ਨਹੀਂ ਸਨ। ਇਨ੍ਹਾਂ ਗੱਦਾਰਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਪਿਆਰ ਦੀ ਕੋਈ ਕੀਮਤ ਨਹੀਂ ਹੈ। ਕਿਸੇ ਵੀ ਕਰੰਸੀ ਨਾਲ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਖਰੀਦਿਆ ਜਾ ਸਕਦਾ। ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਤੇ ਛਾਪਾ ਮਾਰ ਕੇ ਦਿਖਾਉਣ।
ਇਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ : ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਥੋੜਾ ਦੁੱਖ ਜਰੂਰ ਹੋਇਆ ਹੈ। ਜਦੋਂ ਪਾਰਟੀ ਬਣਾਈ ਸੀ ਤਾਂ ਇਹ ਲੋਕ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ। ਰਾਘਵ ਚੱਢਾ ਨੂੰ ਜਲ ਬੋਰਡ ਦਾ ਚੇਅਰਮੈਨ ਬਣਾਇਆ ਸੀ।ਵੋਟਾਂ ਮੰਗੇ ਬਿਨਾਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ। ਇੱਕ ਜਾਂ ਦੋ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ। ਇਹ ਤਾਂ ਰਾਜਸਭਾ ਮੈਂਬਰ ਸਨ। ਇਨ੍ਹਾਂ ਦਾ ਕੋਈ ਵੋਟ ਬੈਂਕ ਹੀ ਨਹੀਂ ਹੈ।
ਇਨ੍ਹਾਂ ਨੂੰ ਤਾਂ ਬੈਠੇ ਬਿਠਾਏ ਪੰਜਾਬ ਦੀ ਨੁਮਾਇੰਦਿਗੀ ਕਰਨ ਦਾ ਮੌਕਾ ਦਿੱਤਾ ਸੀ ਪਰ ਇਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕਰ ਦਿੱਤਾ, ਇਹ ਬੜੀ ਮਾੜੀ ਗੱਲ ਹੈ। ਹੁਣ ਇਹ ਕਿਹੜੇ ਮੁੰਹ ਨਾਲ ਪੰਜਾਬ ਆਉਣਗੇ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇ ਪਾਰਟੀ ਨੂੰ ਛੱਡਣੀ ਹੁੰਦੀ ਹੈ ਤਾਂ ਉਨ੍ਹਾਂ ਦਾ ਦੱਮ ਘੁੱਟਣ ਲੱਗਦਾ ਹੈ। ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਾਰਟੀ ਅਜਿਹੀ ਕਿਹੜੀ ਹਵਾ ਛੱਡਦੀ ਹੈ ,ਜਿਹੜਾ ਇਨ੍ਹਾਂ ਦਾ ਦੱਮ ਘੁੱਟਣ ਲੱਗਦਾ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾ ਸੱਤ ਲੋਕਾਂ ਦੀ ਨਹੀਂ ਹੈ, ਸਾਡੀ ਪਾਰਟੀ ਨੈਸ਼ਨਲ ਲੇਵਲ ਦੀ ਹੈ, ਇਨ੍ਹਾਂ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।
ਭਾਜਪਾ ਨੇ ਕਿਸਾਨਾਂ ਅੰਦੋਲਨ ਦੌਰਾਨ ਵੀ ਧੱਕਾ ਕੀਤਾ
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਵੀ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨਾਲ ਜੋ ਧੱਕਾ ਕੀਤਾ ਸੀ, ਉਸ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪੰਜਾਬ ਨਾਲ ਕਦੇ ਵੀ ਸਾਂਝ ਨਹੀਂ ਰਹੀ। ਸੀਐੱਮ ਨੇ ਕਿਹਾ, ਹੁਣ ਸਾਡੇ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਸ਼ਾਮਿਲ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਦਾ ਪੰਜਾਬ ਵਿੱਚ ਆਪਣਾ ਕੋਈ ਮਜ਼ਬੂਤ ਅਧਾਰ ਨਹੀਂ ਹੈ। ਇਸ ਲਈ ਤਿਕੜਮਬਾਜੀ ਅਤੇ ਛੜਯੰਤਰਾਂ ਦਾ ਸਹਾਰਾ ਲੈ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ।"
