Punjab News: ਮੁੱਖ ਮੰਤਰੀ ਭਗਵੰਤ ਮਾਨ ਆਪਣੀ ਮਸ਼ਹੂਰੀ ਦਾ ਕੌਈ ਮੌਕਾ ਨਹੀਂ ਜਾਣ ਦਿੰਦੇ। ਇਸ ਮਾਮਲੇ ਵਿੱਚ ਤਾਂ ਉਹ ਪੁਰਾਣੀਆਂ ਸਰਕਾਰਾਂ ਦੀਆਂ ਰਵਾਇਤਾਂ ਨੂੰ ਵੀ ਮਾਤ ਦਿੰਦੇ ਨਜ਼ਰ ਆ ਰਹੇ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਡਾਇਰੀ ਦੀ ਰਵਾਇਤ ਨੂੰ ਬਦਲ ਦਿੱਤਾ ਹੈ। ਸਰਕਾਰੀ ਡਾਇਰੀ ਉੱਪਰ ਸੀਐਮ ਭਗਵੰਤ ਮਾਨ ਦੀ ਫੋਟੋ ਲਾਈ ਗਈ ਹੈ।


ਦੱਸ ਦਈਏ ਕਿ ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ 'ਤੇ ਪੰਜਾਬ ਸਰਕਾਰ ਦਾ ਲੋਗੋ ਲੱਗਾ ਹੁੰਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਡਾਇਰੀ 'ਚ ਪੰਜਾਬ ਸਰਕਾਰ ਦੇ ਸ਼ੇਰ ਵਾਲੇ ਲੋਗੋ ਦੀ ਬਜਾਏ ਉਨ੍ਹਾਂ ਦੀ ਆਪਣੀ ਫੋਟੋ ਹੈ। ਸਵਾਲ ਉੱਠ ਰਹੇ ਹਨ ਕਿ ਮਸ਼ੂਹਰੀ ਦੇ ਮਾਮਲੇ ਵਿੱਚ ਭਗਵੰਤ ਮਾਨ ਹੁਣ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਮਾਤ ਪਾ ਰਹੇ ਹਨ।


ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਫੋਟੋ ਪਹਿਲੀ ਵਾਰ ਸਰਕਾਰੀ ਡਾਇਰੀ 'ਤੇ ਲੱਗਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਨੇ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਭਗਵੰਤ ਮਾਨ ਜੋ ਰਾਸ਼ਨ ਕਾਰਡ, ਸਾਈਕਲ ਤੇ ਐਂਬੂਲੈਂਸ ਆਦਿ 'ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ 'ਤੇ ਕਾਮੇਡੀ ਕਰਦੇ ਸਨ। ਹੁਣ ਉਹ ਆਪ ਵੀ ਉਸੇ ਰਾਹ ਤੁਰ ਪਏ ਹਨ। ਭਗਵੰਤ ਮਾਨ ਨੇ ਘਟੀਆਪਣ ਦੇ ਮਾਮਲੇ 'ਚ ਦੋਵਾਂ ਦੇ ਰਿਕਾਰਡ ਤੋੜ ਦਿੱਤੇ ਹਨ। ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਰੰਗ ਬਦਲਦਾ ਠੇਠ ਸਿਆਸਤਦਾਨ।



ਦਰਅਸਲ ਹੁਣ ਤੱਕ ਸਰਕਾਰੀ ਡਾਇਰੀ 'ਤੇ ਪੰਜਾਬ ਸਰਕਾਰ ਦਾ ਲੋਗੋ ਹੀ ਲੱਗਾ ਹੁੰਦਾ ਸੀ। ਇਸ ਵਾਰ ਸੀਐਮ ਭਗਵੰਤ ਮਾਨ ਨੇ ਆਪਣੀ ਫੋਟੋ ਛਪਵਾਈ ਹੈ। ਉਨ੍ਹਾਂ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਤੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਫੋਟੋ ਦੇ ਵਿਚਕਾਰ ਆਪਣੀ ਫੋਟੋ ਲਗਾਈ ਹੈ।


ਇਹ ਵੀ ਪੜ੍ਹੋ: Budget 2023: ਜਾਣੋ ਇਸ ਬਜਟ 'ਚ ਕੀ-ਕੀ ਹੋ ਗਿਆ ਮਹਿੰਗਾ


ਦੱਸ ਦਈਏ ਕਿ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਦਫ਼ਤਰਾਂ ਵਿੱਚ ਕੋਈ ਵੀ ਉਨ੍ਹਾਂ ਦੀ ਫੋਟੋ ਨਹੀਂ ਲਾਉਣਗੇ। ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਦੋ ਫੋਟੋਆਂ ਹੀ ਲੱਗਣਗੀਆਂ। ਇੱਕ ਫੋਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤੇ ਦੂਜੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਹੋਵੇਗੀ ਪਰ ਹੁਣ ਆਪਣੀ ਫੋਟੋ ਉਸ ਡਾਇਰੀ 'ਤੇ ਲਗਾ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Union Budget 2023: ਜਾਣੋ ਇਸ ਬਜਟ 'ਚ ਕੀ-ਕੀ ਹੋਇਆ ਸਸਤਾ