ਚੰਡੀਗੜ੍ਹ: ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਫਰੀ ਬਿਜਲੀ ਨਾਲ ਪੰਜਾਬੀਆਂ ਦੀ ਦਿਲ ਜਿੱਤ ਲਿਆ ਹੈ। ਪੰਜਾਬ ਦੇ 22 ਲੱਖ ਘਰਾਂ ਵਿੱਚ ਬਿਜਲੀ ਦਾ ‘ਜ਼ੀਰੋ ਬਿੱਲ’ ਆਇਆ ਹੈ। ਬੇਸ਼ੱਕ ਵਿਰੋਧੀ ਧਿਰਾਂ ਇਸ ਉੱਪਰ ਕਈ ਸਵਾਲ ਉਠਾ ਰਹੀਆਂ ਹਨ ਪਰ ‘ਜ਼ੀਰੋ ਬਿੱਲ’ ਵੇਖ ਕੇ ਲੋਕ ਖੁਸ਼ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਹਿਲੇ ਮਹੀਨੇ 22 ਲੱਖ ਘਰਾਂ ਵਿੱਚ ਬਿਜਲੀ ਦਾ ‘ਜ਼ੀਰੋ ਬਿੱਲ’ ਆਇਆ ਹੈ, ਅਗਲੇ ਮਹੀਨੇ ਮਹੀਨੇ ਹੋਰ ਲੋਕਾਂ ਨੂੰ 22 ‘ਜ਼ੀਰੋ ਬਿੱਲ’ ਆਏਗਾ।


ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਮੌਕੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗਾਰੰਟੀ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕੀਤੇ ਗਏ ਹਨ। ਸੂਤਰਾਂ ਮੁਤਾਬਕ ਪਾਵਰਕੌਮ ਤਰਫ਼ੋਂ 27 ਜੁਲਾਈ ਤੋਂ 28 ਅਗਸਤ ਤੱਕ ਘਰੇਲੂ ਬਿਜਲੀ ਦੇ 42 ਲੱਖ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਹਨ ਜਿਨ੍ਹਾਂ ਵਿਚੋਂ 22 ਲੱਖ ਘਰਾਂ ਦੇ ਬਿਜਲੀ ਬਿੱਲ ‘ਜ਼ੀਰੋ’ ਆਏ ਹਨ। 


 




ਪਾਵਰਕੌਮ ਦੇ ਵੱਖ ਵੱਖ ਜ਼ੋਨਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਉੱਤਰੀ ਜ਼ੋਨ ’ਚ ਉਕਤ ਸਮੇਂ ਦੌਰਾਨ 9 ਲੱਖ ਘਰਾਂ ਨੂੰ ਬਿੱਲ ਭੇਜੇ ਗਏ ਹਨ ਜਿਨ੍ਹਾਂ ਵਿਚੋਂ 5.10 ਲੱਖ ਖਪਤਕਾਰਾਂ ਦੇ ਜ਼ੀਰੋ ਬਿੱਲ ਆਏ ਹਨ। ਸਰਹੱਦੀ ਜ਼ੋਨ ’ਚ ਇੱਕ ਮਹੀਨੇ ਦੇ 8.05 ਲੱਖ ਬਿੱਲ ਭੇਜੇ ਗਏ ਹਨ ਤੇ ਇਨ੍ਹਾਂ ਵਿਚੋਂ 4.70 ਲੱਖ ਘਰਾਂ ਦੇ ਜ਼ੀਰੋ ਬਿੱਲ ਆਏ ਹਨ। ਇਸੇ ਤਰ੍ਹਾਂ ਕੇਂਦਰੀ ਜ਼ੋਨ ਦੇ 6.02 ਲੱਖ ਖਪਤਕਾਰਾਂ ਵਿਚੋਂ 2.95 ਲੱਖ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਇਵੇਂ ਹੀ ਦੱਖਣੀ ਜ਼ੋਨ ’ਚ 10 ਲੱਖ ਘਰਾਂ ਨੂੰ ਬਿੱਲ ਜਾਰੀ ਕੀਤੇ ਹਨ ਜਿਨ੍ਹਾਂ ਵਿਚੋਂ ਪੰਜ ਲੱਖ ਘਰਾਂ ਦੇ ਜ਼ੀਰੋ ਬਿੱਲ ਆਏ ਹਨ।


ਪੱਛਮੀ ਜ਼ੋਨ ਦੇ 9 ਲੱਖ ਬਿੱਲਾਂ ਵਿਚੋਂ 4.30 ਲੱਖ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਇਨ੍ਹਾਂ 22 ਲੱਖ ਖਪਤਕਾਰਾਂ ਤੋਂ ਇਲਾਵਾ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦੇ ਅੰਕੜੇ ਨੂੰ ਵੀ ਜੋੜ ਲਈਏ ਤਾਂ ਕਰੀਬ 750 ਕਰੋੜ ਰੁਪਏ ਦੀ ਸਬਸਿਡੀ ਖਪਤਕਾਰਾਂ ਨੂੰ ਇੱਕ ਮਹੀਨੇ ਵਿਚ ਦਿੱਤੀ ਗਈ ਹੈ। ਸਸਤੀ ਬਿਜਲੀ ਅਤੇ ਜ਼ੀਰੋ ਬਿੱਲ ਵਾਲੇ ਕੁੱਲ ਖਪਤਕਾਰਾਂ ਦੀ ਗਿਣਤੀ ਕਰੀਬ 37 ਲੱਖ ਬਣਦੀ ਹੈ।


ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 51 ਲੱਖ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ। ਮਾਹਿਰ ਆਖਦੇ ਹਨ ਕਿ ਐਤਕੀਂ ਅਗਸਤ ਮਹੀਨੇ ਵਿਚ ਜ਼ਿਆਦਾ ਗਰਮੀ ਪਈ ਹੈ ਜਿਸ ਕਰਕੇ ਖਪਤਕਾਰਾਂ ਦੀ ਬਿਜਲੀ ਦੀ ਖਪਤ ਵੀ ਉੱਚੀ ਰਹੀ ਹੈ ਅਤੇ ਬਿਜਲੀ ਦੀ ਮੰਗ ਨੇ ਵੀ ਪੁਰਾਣੇ ਰਿਕਾਰਡ ਤੋੜੇ ਹਨ। ਜਿਉਂ ਜਿਉਂ ਤਾਪਮਾਨ ਘਟਦਾ ਜਾਵੇਗਾ, ਉਸੇ ਤਰ੍ਹਾਂ ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦੀ ਗਿਣਤੀ ਵਧਦੀ ਜਾਵੇਗੀ।