ਪਟਿਆਲਾ:  ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਨਵੇਂ ਲਾਏ ਗਏ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਕਲੀਅਰ ਕੱਟ ਮੈਸੇਜ ਦਿੱਤਾ ਕਿ ਪਟਿਆਲਾ ਹਿੰਸਾ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਦੇ ਚੱਲਦਿਆਂ ਪਟਿਆਲਾ ਪੁਲਿਸ ਵੱਲੋਂ ਇਸ ਕੇਸ ਦੇ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੁਲਜ਼ਮ ਪਰਵਾਨਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ। ਪੁਲਿਸ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਖੇ ਹੋਈ ਹਿੰਸਕ ਘਟਨਾ ਤੋਂ ਬਾਅਦ ਇਸ ਘਟਨਾ ਦੇ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਪਟਿਆਲਾ ਪੁਲਿਸ ਵੱਲੋਂ ਗੱਗੀ ਪੰਡਤ, ਸ਼ੰਕਰ ਭਾਰਦਵਾਜ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ਵਿਚ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। 


ਦੱਸ ਦਈਏ ਕਿ ਪਟਿਆਲਾ 'ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਬਾਰੇ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਹ ਪੁਲਿਸ ਵੱਲੋਂ ਇੰਟੈਲੀਜੈਂਸ ਰਿਪੋਰਟ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਸੀ। ਸ਼ਿਵ ਸੈਨਾ ਦੇ ਐਲਾਨ ਤੋਂ ਬਾਅਦ ਇੰਟੈਲੀਜੈਂਸ ਨੇ ਇੱਕ ਹਫ਼ਤਾ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਟਕਰਾਅ ਹੋ ਸਕਦਾ ਹੈ। ਜੇਕਰ ਪੁਲਿਸ ਚੌਕਸੀ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਟਕਰਾਅ ਨੂੰ ਟਾਲਿਆ ਜਾ ਸਕਦਾ ਸੀ। ਇਹ ਖੁਲਾਸਾ ਸੀਐਮ ਤੇ ਡੀਜੀਪੀ ਨੂੰ ਦਿੱਤੀ ਗਈ ਇੰਟੈਲੀਜੈਂਸ ਦੀ ਸ਼ੁਰੂਆਤੀ ਰਿਪੋਰਟ 'ਚ ਹੋਇਆ ਹੈ। 


ਖਾਲਿਸਤਾਨ ਪੱਖੀ ਗੁਰਪਤਵੰਤ ਪੰਨੂ ਵੱਲੋਂ ਖ਼ਾਲਿਸਤਾਨ ਸਥਾਪਨਾ ਦਿਵਸ ਮਨਾਉਣ ਦੇ ਐਲਾਨ ਦੇ ਵਿਰੋਧ 'ਚ ਸ਼ਿਵ ਸੈਨਾ ਨੇ ਪਹਿਲੀ ਵਾਰ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਸ਼ਿਵ ਸੈਨਾ ਦੇ ਲੀਡਰ ਹਰੀਸ਼ ਸਿੰਗਲਾ ਦੇ ਸਾਥੀਆਂ ਤੋਂ ਇਲਾਵਾ ਕੋਈ ਵੀ ਹਿੰਦੂ ਜਥੇਬੰਦੀ ਇਸ 'ਚ ਸ਼ਾਮਲ ਨਹੀਂ ਸੀ। ਇੰਟੈਲੀਜੈਂਸ ਨੇ ਟਕਰਾਅ ਤੋਂ 6 ਘੰਟੇ ਪਹਿਲਾਂ ਹੀ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ ਪਰ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ ਦੀ ਗੱਲ, ਪੁਲਿਸ ਨੇ ਬੈਰੀਕੇਡਿੰਗ ਵੀ ਨਹੀਂ ਕੀਤੀ ਸੀ। ਸਿਰਫ਼ ਇੱਕ ਸੜਕ 'ਤੇ ਬੈਰੀਕੇਡਿੰਗ ਕੀਤੀ ਗਈ ਸੀ। ਆਈਜੀ ਰਾਜੇਸ਼ ਅਗਰਵਾਲ ਸਥਿਤੀ ਨੂੰ ਸੰਭਾਲ ਨਹੀਂ ਸਕੇ।


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਸਐਸਪੀ ਡਾ. ਨਾਨਕ ਸਿੰਘ ਨੇ ਬੈਰੀਕੇਡਿੰਗ ਨਹੀਂ ਕਰਵਾਈ। ਨਾ ਤਾਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਤੇ ਨਾ ਹੀ ਜਲ ਤੋਪਾਂ ਦਾ ਪ੍ਰਬੰਧ ਕੀਤਾ ਗਿਆ। ਉਹ ਆਪਣੀ ਪਿਸਤੌਲ ਤੇ ਹੋਰ ਮੁਲਾਜ਼ਮਾਂ ਦੀ ਏਕੇ-47 ਨਾਲ ਹਵਾ 'ਚ ਫ਼ਾਇਰ ਕਰਦੇ ਰਹੇ। ਪ੍ਰਦਰਸ਼ਨਕਾਰੀ ਪੁਲਿਸ ਦੇ ਸਾਹਮਣੇ ਨੱਚਦੇ ਨਜ਼ਰ ਆਏ।