ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ਦੀ ਧਰਤੀ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਫੜਨ ਲਈ ਕੈਨੇਡਾ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇੱਥੇ ਆਪਣੀ ਸਰਕਾਰੀ ਰਿਹਾਇਸ਼ ਉਤੇ ਮੁੱਖ ਮੰਤਰੀ ਨੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੌਨ ਮਕਾਏ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ। ਮੁੱਖ ਮੰਤਰੀ ਨੇ ਪੰਜਾਬ ਤੇ ਕੈਨੇਡਾ ਦੋਵਾਂ ਥਾਵਾਂ ਉਤੇ ਗੈਂਗਾਂ ਤੇ ਗੈਂਗਸਟਰਾਂ ਦੇ ਵਾਧੇ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਭਗਵੰਤ ਮਾਨ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਕੈਨੇਡਾ ਦੀ ਧਰਤੀ ਤੋਂ ਗਤੀਵਿਧੀਆਂ ਚਲਾ ਰਹੇ ਕੁਝ ਪੰਜਾਬੀ ਗੈਂਗਸਟਰ ਪੰਜਾਬ ਵਿੱਚ ਸਖ਼ਤ ਘਾਲਣਾ ਬਾਅਦ ਹਾਸਲ ਕੀਤੀ ਅਮਨ-ਸ਼ਾਂਤੀ ਲਈ ਖ਼ਤਰਾ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਇਕ ਪਾਸੇ ਅਮਨ ਤੇ ਕਾਨੂੰਨ ਦੀ ਸਮੱਸਿਆ ਖੜ੍ਹੀ ਕਰ ਰਹੇ ਹਨ, ਦੂਜੇ ਪਾਸੇ ਸੂਬੇ ਦੀ ਤਰੱਕੀ ਦੀ ਰਫ਼ਤਾਰ ਨੂੰ ਲੀਹੋਂ ਲਾਹ ਰਹੇ ਹਨ। ਇਨ੍ਹਾਂ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਕਾਨੂੰਨ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਹੋਰਾਂ ਨੂੰ ਇਸ ਰਾਹ ਉਤੇ ਜਾਣ ਤੋਂ ਰੋਕਣ ਦਾ ਕੰਮ ਕਰੇ। ਕੈਨੇਡਾ ਤੇ ਪੰਜਾਬ ਪੁਲਿਸ ਵਿਚਾਲੇ ਸਾਂਝੀ ਪੁਲਿਸ ਕਾਰਵਾਈ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਇਹੀ ਇਕ ਰਾਹ ਹੈ, ਜਿਸ ਨਾਲ ਅਸੀਂ ਦੋਵਾਂ ਥਾਵਾਂ ਨੂੰ ਗੈਂਗਸਟਰਾਂ ਤੋਂ ਮੁਕਤ ਕਰਵਾ ਸਕਾਂਗੇ। ਉਨ੍ਹਾਂ ਹਾਈ ਕਮਿਸ਼ਨਰ ਨੂੰ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਖ਼ਾਸ ਤੌਰ ਉਤੇ ਮੁਸ਼ਕਲ ਹਾਲਾਤ ਉਤੇ ਕਾਬੂ ਪਾਉਣ ਵਾਲੀ ਪੰਜਾਬ ਪੁਲਿਸ ਦੀ ਸ਼ਾਨਾਮੱਤੀ ਰਵਾਇਤ ਤੋਂ ਵੀ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੇ ਕੈਨੇਡਾ ਵਰਗੀ ਆਧੁਨਿਕ ਪੁਲਿਸ ਫੋਰਸ ਪੰਜਾਬ ਪੁਲਿਸ ਦਾ ਸਹਿਯੋਗ ਕਰੇਗੀ ਤਾਂ ਇਨ੍ਹਾਂ ਗੈਂਗਾਂ ਦਾ ਆਸਾਨੀ ਨਾਲ ਖ਼ਾਤਮਾ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਪੰਜਾਬ ਤੇ ਕੈਨੇਡਾ ਪੁਲਿਸ ਵਿਚਾਲੇ ਸਿੱਧੇ ਤਾਲਮੇਲ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਤਾਂ ਕਿ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਇਹ ਗੈਂਗਸਟਰ ਤੇ ਇਨ੍ਹਾਂ ਦੀਆਂ ਕਾਰਵਾਈਆਂ ਕੈਨੇਡਾ ਤੇ ਪੰਜਾਬ ਦੋਵਾਂ ਥਾਂਵਾਂ ਉਤੇ ਸਮਾਜ, ਅਰਥਚਾਰੇ ਤੇ ਜੀਵਨ ਲਈ ਗੰਭੀਰ ਖ਼ਤਰਾ ਖੜ੍ਹਾ ਕਰ ਰਹੀਆਂ ਹਨ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਸਹਿਯੋਗ ਨਾਲ ਕੈਨੇਡਾ ਤੇ ਪੰਜਾਬ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜਣਗੇ।
ਸੀਐਮ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਨੱਪਣ ਲਈ ਕੈਨੇਡਾ ਸਰਕਾਰ ਤੋਂ ਮੰਗੀ ਮਦਦ
abp sanjha | ravneetk | 10 Jun 2022 04:02 PM (IST)
ਮੁੱਖ ਮੰਤਰੀ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਪੰਜਾਬ ਤੇ ਕੈਨੇਡਾ ਪੁਲਿਸ ਵਿਚਾਲੇ ਸਿੱਧੇ ਤਾਲਮੇਲ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਤਾਂ ਕਿ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ।
Punjab Government