Patiala News:  ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਯੂਨੀਵਰਸਿਟੀ ਦੇ 62ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਮੌਕੇ ਮੁਹੱਈਆ ਕਰਵਾਉਣਾ ਸਰਕਾਰ ਦਾ ਮੁਢਲਾ ਫਰਜ਼ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਸੂਬਾ ਸਰਕਾਰ ਵਿਦਿਅਕ ਸੰਸਥਾਵਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਯਤਨਸ਼ੀਲ ਹੈ।






ਪੰਜਾਬੀ ਯੂਨੀਵਰਸਿਟੀ ਨਾਲ ਜੁੜੀਆਂ ਯਾਦਾਂ ਨੂੰ ਚੇਤੇ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਸ ਯੂਨੀਵਰਸਿਟੀ ਨੇ ਮੈਨੂੰ ਆਪਣੇ ਜੀਵਨ ਵਿਚ ਨਵੀਂ ਸੋਚ ਤੇ ਨਵੇਂ ਰਾਹਾਂ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਮੇਰੀ ਕਲਾ ਦਾ ਮੁੱਢ ਇਸ ਯੂਨੀਵਰਸਿਟੀ ਤੋਂ ਬੱਝਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਦਾ ਮੰਚ ਮੇਰੇ ਜੀਵਨ ਦਾ ਰਾਹ ਦਸੇਰਾ ਹੈ ਜਿੱਥੋਂ ਮੈਂ ਆਪਣੇ ਸੁਪਨਿਆਂ ਦੀ ਉਡਾਨ ਭਰੀ ਸੀ।”


ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਹ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀ ਮਾਂ-ਬੋਲੀ ਦਾ ਗੌਰਵ ਹੈ। ਇਸ ਨੂੰ ‘ਮਾਲਵੇ ਦਾ ਦਿਲ’ ਵੀ ਕਿਹਾ ਜਾਂਦਾ ਹੈ। ਮੈਂ ਇਸ ਯੂਨੀਵਰਸਿਟੀ ਨੂੰ ਕਰਜ਼ੇ ਦੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਿੱਤੀ ਸੀ ਤਾਂ ਕਿ ਉੱਤਰੀ ਭਾਰਤ ਵਿਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ। 


ਨੌਜਵਾਨਾਂ ਨੂੰ ਆਪਣਾ ਰੋਲ ਮਾਡਲ ਖੁਦ ਬਣਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਲੋਕ ਹੀ ਹੋਰਨਾਂ ਲਈ ਮਿਸਾਲ ਬਣ ਕੇ ਉਭਰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਵਾਇਤਾਂ ਤੋਂ ਹਟ ਕੇ ਨਵੇਂ ਵਿਚਾਰਾਂ ਨਾਲ ਅੱਗੇ ਵਧਿਆ ਜਾ ਸਕਦਾ ਹੈ ਕਿਉਂਕਿ ਸਾਨੂੰ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ।


ਉਚੇਰੀ ਸਿੱਖਿਆ ਨੂੰ ਨੌਜਵਾਨਾਂ ਦੇ ਜੀਵਨ ਦਾ ਮਹੱਤਵਪੂਰਨ ਪੜਾਅ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੂਬੇ ਦੇ ਖਾਸ ਕਰਕੇ ਪੇਂਡੂ ਇਲਾਕੇ ਦੇ ਨੌਜਵਾਨਾਂ ਲਈ ਰੋਲ ਮਾਡਲ ਵਜੋਂ ਭੂਮਿਕਾ ਅਦਾ ਕਰ ਰਹੀ ਹੈ ਜੋ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਵਿਚ ਮਾਰਗਦਰਸ਼ਨ ਕਰਦੀ ਹੈ। ਇਹ ਯੂਨੀਵਰਸਿਟੀ ਨੌਜਵਾਨਾਂ ਨੂੰ ਤਾਲੀਮ ਦੇਣ ਦੇ ਨਾਲ-ਨਾਲ ਹੋਰ ਉਸਾਰੂ ਗਤੀਵਿਧੀਆਂ ਲਈ ਵੀ ਉਤਸ਼ਾਹਤ ਕਰ ਰਹੀ ਹੈ।