ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਨ ਲਈ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਭੂਮਿਕਾ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੈ। ਤਰਨਤਾਰਨ ਦੇ ਇੱਕ ਕੱਪੜਾ ਵਪਾਰੀ ਦਾ ਫਿਰੌਤੀ ਨਾਲ ਸਬੰਧਤ ਕਤਲ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ। ਮੁੱਖ ਮੰਤਰੀ ਨੂੰ ਗੁਜਰਾਤ ਵਿੱਚ ਗਰਬਾ ਸਮਾਗਮਾਂ ਨੂੰ ਛੱਡ ਕੇ ਪੰਜਾਬ ਵਿੱਚ ਅਰਾਜਕਤਾ ਨਾਲ ਨਜਿੱਠਣ ਲਈ ਪੰਜਾਬ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਭਾਰਤੀ ਜਨਤਾ ਯੁਵਾ ਮੋਰਚਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ ਨੇ ਪੰਜਾਬ ਵਿੱਚ ਵੱਧ ਰਹੇ ਗੈਂਗਸਟਰ ਕਲਚਰ ਅਤੇ ਨਜਾਇਜ਼ ਹਥਿਆਰਾਂ ਦੀ ਖੁੱਲ੍ਹੇਆਮ ਵਰਤੋਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਰਨਤਾਰਨ 'ਚ ਰੈਡੀਮੇਡ ਕੱਪੜਿਆਂ ਦੇ ਵਪਾਰੀ ਗੁਰਜੰਟ ਸਿੰਘ ਦੀ ਉਸਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਕੀਤੀ ਗਈ ਹੱਤਿਆ ਪੰਜਾਬ 'ਚ ਭਗਵੰਤ ਮਾਨ ਸਰਕਾਰ ਵੱਲੋਂ ਫੈਲਾਈ ਗਈ ਅਰਾਜਕਤਾ ਦਾ ਪ੍ਰਤੱਖ ਸਬੂਤ ਹੈ।
ਗੌਤਮ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਹੈ, ਪੰਨੂ ਨੇ ਮੀਡੀਆ ਰਾਹੀਂ ਸਪੱਸ਼ਟ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਦੀ ਸਾਜ਼ਿਸ਼ ਤਹਿਤ ਪੰਨੂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ 'ਤੇ ਤੁਲੀ ਹੋਈ ਹੈ। ਭਗਵੰਤ ਮਾਨ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦੂਜੇ ਰਾਜਾਂ ਦੀ ਯਾਤਰਾ ਕਰਨ 'ਚ ਰੁੱਝੇ ਹੋਏ ਹਨ। ਭਗਵੰਤ ਮਾਨ ਸਟੇਜਾਂ 'ਤੇ ਨੱਚ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਿਹਾ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਅਜੈਬ ਸਿੰਘ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ ਠੁੱਸ ਹਨ ਤੇ ਗੈਂਗਸਟਰ ਸ਼ਰੇਆਮ ਫਿਰੋਤੀਆਂ ਮੰਗ ਰਹੇ ਹਨ ਜਦਕਿ ਯੂਪੀ 'ਚ ਯੋਗੀ ਸਰਕਾਰ ਵਾਂਗ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਹੈ,ਗੋਲੀ ਦਾ ਬਦਲਾ ਗੋਲੀ ਹੋਣਾ ਚਾਹੀਦਾ ਹੈ। ਅਜੈਬ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਕਿ ਉਨਾਂ ਨੇ ਬਿਲਕੁਲ ਸਹੀ ਕਿਹਾ ਸੀ ਕਿ ਇਥੇ ਤਰੱਕੀ ਕਰਨਾ ਹੀ ਸਭ ਤੋਂ ਵੱਡਾ ਗੁਨਾਹ ਹੈ।
ਦੱਸ ਦੇਈਏ ਕਿ ਤਰਨਤਾਰਨ 'ਚ ਕੈਨੇਡਾ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਗੁੰਡਿਆਂ ਨੇ ਫਿਰੌਤੀ ਨਾ ਦੇਣ 'ਤੇ ਦਿਨ ਦਿਹਾੜੇ ਇਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਸੀ। ਦੋਵੇਂ ਗੁੰਡੇ ਗਾਹਕ ਬਣ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਫੇਸਬੁੱਕ ਪੋਸਟ ਰਾਹੀਂ ਲਈ ਹੈ। 8 ਤੋਂ 10 ਗੋਲੀਆਂ ਲੱਗਣ ਕਾਰਨ ਦੁਕਾਨਦਾਰ ਗੁਰਜੰਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤਰਨਤਾਰਨ ਦੇ ਪਿੰਡ ਰਸੂਲਪੁਰ ਦੀ ਹੈ। ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।