CM slams rinku and angural: ਪੰਜਾਬ ਵਿੱਚ ਦਲ ਬਦਲੂ ਲੀਡਰਾਂ ਦੀਆਂ ਚਰਚਾਵਾਂ ਕਾਫ਼ੀ ਹੋ ਰਹੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਲੀਡਰ ਵੀ ਆਪ ਨੂੰ ਛੱਡ ਕੇ ਭਾਜਪਾ 'ਚ ਚਲੇ ਗਏ ਹਨ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਪੱਕੇ ਭਮੱਕੜ ਹਨ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਜਿਹੜੀ ਮਰਜ਼ੀ ਪਾਰਟੀ ਜ਼ੋਰ ਲਗਾ ਲਵੇ ਸਾਡੇ ਪੱਕੇ ਭਮੱਕੜ ਨਹੀਂ ਹਿਲਦੇ।
ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਤੋਂ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਹਲਾਂਕਿ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਹੋਇਆ ਸੀ ਪਰ ਫਿਰ ਵੀ ਰਿੰਕੂ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਮੋਗਾ ਜਾਂਦੇ ਸਮੇਂ ਰਸਤੇ ਵਿੱਚ ਸਮਰਾਲਾ ਨੇੜੇ ਦਿੱਤਾ ਹੈ। ਸੀਐਮ ਭਗਵੰਤ ਮਾਨ ਦੇ ਕਾਫਿਲੇ ਨੂੰ ਇੱਕ ਆਪ ਵਰਕਰਾਂ ਨੇ ਰੋਕ ਲਿਆ ਅਤੇ ਸਿਰੋਪਾਓ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਪੰਜਾਬ ਵਿੱਚ ਸਰਕਾਰ ਬਣ ਤੋਂ ਬਾਅਦ ਹੁਣ ਪਹਿਲੀ ਵਾਰ ਭਗਵੰਤ ਮਾਨ ਵਰਕਰਾਂ ਨੂੰ ਮਿਲਣ ਲਈ ਸੂਬੇ 'ਚ ਨਿਕਲੇ ਹਨ।
ਅੱਜ ਭਗਵੰਤ ਮਾਨ ਦੇ ਪ੍ਰੋਗਰਾਮ ਮੋਗਾ ਅਤੇ ਫਿਰ ਜਲੰਧਰ ਵਿੱਚ ਰੱਖੇ ਗਏ ਹਨ। ਜਿੱਥੇ ਵਿਸ਼ਾਲ ਰੈਲੀ ਨੂੰ ਸੀਐਮ ਭਗਵੰਤ ਮਾਨ ਸੰਬੋਧਨ ਕਰਨਗੇ। ਮੋਗਾ ਵਿੱਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿੱਚ ਦੁਆਬਾ ਖੇਤਰ ਦੇ ਆਗੂਆਂ ਦੀ ਮੀਟਿੰਗ ਕੀਤੀ ਹੋਣੀ ਹੈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਪੰਜਾਬ 'ਚ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਹੋਣਗੇ ।
ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਰੈਲੀਆਂ ਅਤੇ ਉਦਘਾਟਨੀ ਸਮਾਗਮਾਂ ਵਿੱਚ ਹੀ ਸ਼ਾਮਲ ਹੋਏ ਸਨ। ਹਾਲਾਤ ਇਹ ਬਣ ਗਏ ਸੀ ਕਿ ਕੁਝ ਵਿਧਾਇਕਾਂ ਨੇ ਤਾਂ ਮੁੱਖ ਮੰਤਰੀ 'ਤੇ ਉਨ੍ਹਾਂ ਨਾਲ ਮੁਲਾਕਾਤ ਨਾ ਕਰਨ ਦੇ ਦੋਸ਼ ਵੀ ਲਾਏ। ਹੁਣ ਲੋਕ ਸਭਾ ਚੋਣਾਂ ਦਰਮਿਆਨ ਮੁੱਖ ਮੰਤਰੀ ਨਾ ਸਿਰਫ ਵਲੰਟੀਅਰਾਂ ਨੂੰ ਮਿਲ ਰਹੇ ਹਨ, ਸਗੋਂ ਵਿਧਾਇਕਾਂ ਨਾਲ ਵੀ ਮੀਟਿੰਗਾਂ ਕਰ ਰਹੇ ਹਨ। ਦਿੱਲੀ ਤੋਂ ਪਰਤਣ ਤੋਂ ਬਾਅਦ ਮੁੱਖ ਮੰਤਰੀ ਹਰ ਰੋਜ਼ ਵੱਖ-ਵੱਖ ਜ਼ਿਲ੍ਹਿਆਂ ਦੇ ਵਿਧਾਇਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦੇ ਰਹੇ ਹਨ।