Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਅਫਰੀਕਾ ਨੂੰ ਹਰਾਉਣ ਵਾਲੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਹੋਰ ਖਿਡਾਰਣਾਂ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਤਿੰਨਾਂ ਨੂੰ ਵਧਾਈ ਦਿੱਤੀ। ਭਗਵੰਤ ਮਾਨ ਨੇ ਕਿਹਾ, "ਹਰਮਨ, ਤੁਸੀਂ 12 ਵਜੇ ਜੋ ਕੈਚ ਲਿਆ, ਉਸ ਨੇ ਨਾ ਸਿਰਫ਼ ਤਾਰੀਖ਼ ਸਗੋਂ ਇਤਿਹਾਸ ਬਦਲ ਦਿੱਤਾ।"
ਮੁੱਖ ਮੰਤਰੀ ਭਗਵੰਤ ਮਾਨ ਨੇ ਪੁੱਛਿਆ ਕਿ ਕੀ ਇਹ ਟਰਾਫੀ ਪੰਜਾਬ ਨਹੀਂ ਲਿਆਂਦੀ ਜਾ ਸਕਦੀ। "ਮੇਰੀ ਇੱਛਾ ਹੈ ਕਿ ਇਸਨੂੰ ਪੰਜਾਬ ਵਿੱਚ ਗੇੜੀ ਲੁਆਈ ਜਾਵੇ। ਹਰ ਪੰਜਾਬੀ ਨੂੰ ਇਸਨੂੰ ਛੂਹਣ ਦਾ ਅਧਿਕਾਰ ਹੈ। ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਪੰਜਾਬ ਦੀਆਂ ਸ਼ੇਰਨੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ।"
ਮੁੱਖ ਮੰਤਰੀ ਭਗਵੰਤ ਮਾਨ ਨੇ ਇੰਸਟਾਗ੍ਰਾਮ 'ਤੇ ਤਿੰਨਾਂ ਖਿਡਾਰੀਆਂ ਨਾਲ ਇਸ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ। ਭਗਵੰਤ ਮਾਨ ਨੇ ਤਿੰਨਾਂ ਖਿਡਾਰਣਾਂ ਨਾਲ ਲੰਬੀ ਗੱਲਬਾਤ ਕੀਤੀ ਅਤੇ ਪੰਜਾਬ ਵਾਪਸ ਆਉਣ 'ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਭਰੋਸਾ ਕੀਤਾ। CM ਮਾਨ ਨੇ ਟਵੀਟ ਕਰਕੇ ਕਿਹਾ, ਅੱਜ ਦੇਸ਼ ਦਾ ਮਾਣ ਵਧਾਉਣ ਵਾਲੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਧੀਆਂ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕਰਕੇ ਉਹਨਾਂ ਨੂੰ ਇਤਿਹਾਸਕ ਜਿੱਤ ਦੀਆਂ ਵਧਾਈਆਂ ਦਿੱਤੀਆਂ। ਤੁਸੀਂ ਦਿਲ ਲਗਾ ਕੇ ਖੇਡੋ ਅਸੀਂ ਤੁਹਾਡੇ ਨਾਲ ਹਾਂ। ਸਭ ਨੂੰ ਇੱਕ ਵਾਰ ਫ਼ਿਰ ਇਸ ਸ਼ਾਨਦਾਰ ਜਿੱਤ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ।
ਵੀਡੀਓ ਕਾਲ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਲਿਆ। ਤੁਸੀਂ ਦੁਨੀਆ ਜਿੱਤ ਲਈ। ਲੋਕਾਂ ‘ਚ ਬਹੁਤ ਉਤਸ਼ਾਹ ਹੈ। ਮੈਂ ਖੁਦ ਸਪੋਰਟਸ ਲਵਰ ਹਾਂ, ਮੈਂ ਇਕੱਲੀ-ਇਕੱਲੀ ਬਾਲ ਦੇਖੀ। ਠੀਕ 12 ਵਜੇ ਤੁਸੀਂ ਕੈਚ ਲਿਆ, ਉਸ ਕੈਚ ਨਾਲ ਤਾਰੀਖ ਹੀਂ ਨਹੀਂ ਬਦਲੀ ਸਗੋਂ ਇਤਿਹਾਸ ਬਦਲ ਗਿਆ। ਤੁਸੀਂ ਕਮਾਲ ਕਰ ਦਿੱਤਾ। ਤੁਸੀਂ ਬਹੁਤ ਵੱਡਾ ਇਤਿਹਾਸ ਰਚਿਆ।
ਸੀਐਮ ਮਾਨ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਾ ਇੰਫਰਾਸਟਰਕਚਰ ਵਧੀਆ ਹੈ ਤੇ ਅਸੀਂ ਪਹਿਲਾਂ ਪਿੱਛੇ ਰਹਿ ਜਾਂਦੇ ਸਨ। ਪਰ ਤੁਸੀਂ ਕਮਾਲ ਕਰ ਦਿੱਤਾ। ਸੈਮੀਫਾਈਨਲ ‘ਚ 339 ਰਨ ਬਣਾ ਕੇ ਜਿੱਤ ਹਾਸਲ ਕਰਨਾ, ਉਹ ਵੀ ਬਹੁਤ ਸ਼ਾਨਦਾਰ ਸੀ। ਜੇਮਿਮਾ ਤੇ ਤੁਸੀਂ (ਹਰਮਨਪ੍ਰੀਤ) ਨੇ ਸ਼ਾਨਦਾਰ ਪਾਰੀ ਖੇਡੀ। ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਲੀਗ ਮੈਚ ‘ਚ ਹਾਰੇ ਹੀ ਨਹੀਂ ਸਨ। ਤੁਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਪੰਜਾਬ ਦਾ ਨਾਂ ਰੌਸ਼ਨ ਕੀਤਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ‘ਚ ਪਹਿਲਾਂ ਇਹ ਵੀ ਦਾਗ ਲੱਗ ਗਿਆ ਸੀ ਕਿ ਧੀਆਂ ਨੂੰ ਕੁੱਖ ‘ਚ ਹੀ ਮਾਰ ਦਿੰਦੇ ਸਨ, ਤੁਸੀਂ ਸਾਬਤ ਕੀਤਾ ਮੌਕਾ ਮਿਲੇ ਤਾਂ ਅਸਮਾਨ ਤੱਕ ਉਡਾਰੀਆਂ ਲਗਾਈਆਂ ਜਾ ਸਕਦੀਆਂ ਹਨ।