Bhagwant Mann: ਭ੍ਰਿਸ਼ਟਾਚਾਰ 'ਤੇ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਕਦਮ ਚੁੱਕਿਆ ਜਾਵੇਗਾ। ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਅੱਜ ਸੀਐੱਮ ਭਗਵੰਤ ਮਾਨ ਵਟਸਐਪ ਨੰਬਰ ਜਾਰੀ ਕਰਨਗੇ ਜਿਸ 'ਤੇ ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ ਪੰਜਾਬ ਦੇ ਲੋਕ ਸਰਕਾਰ ਕੋਲ ਸਿੱਧੀ ਆਪਣੀ ਸ਼ਿਕਾਇਤ ਪਹੁੰਚਾ ਸਕਣਗੇ। ਰਿਸ਼ਵਤਖੋਰੀ ਖਿਲਾਫ ਹਰ ਤਰ੍ਹਾਂ ਦੀ ਜਾਣਕਾਰੀ ਸਿੱਧੀ ਸਰਕਾਰ ਕੋਲ ਦੇ ਸਕਣਗੇ।
ਬੀਤੇ ਦਿਨ ਅਹੁਦਾ ਸੰਭਾਲਣ ਤੋਂ ਬਾਅਦ ਸੂਬੇ ਦੇ ਨਵੇਂ ਮਾਈਨਿੰਗ, ਕਾਨੂੰਨ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇੱਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ।
17 ਮਾਰਚ ਨੂੰ ਸੀਐੱਮ ਭਗਵੰਤ ਮਾਨ ਨੇ ਭ੍ਰਿਸ਼ਟਾਚਾਰੀ ਖਿਲਾਫ ਇਸ ਹੈਲਪਲਾਈਨ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅੱਜ ਇਹ ਨੰਬਰ ਜਾਰੀ ਕਰਕੇ ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖੋਰੀ ਖਿਲਾਫ ਸੂਬਾ ਸਰਕਾਰ ਦਾ ਅਹਿਮ ਕਦਮ ਹੋਵੇਗਾ।
ਹਰਜੋਤ ਬੈਂਸ ਨੇ ਸਾਫ ਕਿਹਾ ਹੈ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਕੋਈ ਵੀ ਸਿਫ਼ਾਰਿਸ਼ ਨਹੀਂ ਚੱਲੇਗੀ। ਉਨ੍ਹਾਂ ਦੇ ਇਲਾਕੇ ਵਿੱਚ ਹੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤੇ ਉਨ੍ਹਾਂ ਨੂੰ ਹੀ ਇਹ ਵਿਭਾਗ ਮਿਲ ਗਿਆ ਹੈ, ਇਸ ਲਈ ਨਾਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਤੋਂ ਮਾਈਨਿੰਗ ਦੇਖਦੇ ਰਹੇ।
ਇਸ ਤੋਂ ਬਾਅਦ ਚੰਨੀ ਦੇ ਸ਼ਾਸਨ 'ਚ ਕਾਫੀ ਨਾਜਾਇਜ਼ ਮਾਈਨਿੰਗ ਹੋਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪੁੱਛ ਕੇ ਵਧੀਆ ਮਾਈਨਿੰਗ ਨੀਤੀ ਬਣਾਈ ਜਾਵੇਗੀ। ਹੁਣ ਤੱਕ ਮਾਈਨਿੰਗ ਨਾਲ ਸਿਰਫ ਨੇਤਾਵਾਂ ਦੇ ਘਰ, ਗੱਡੀਆਂ ਬਣਾਈਆਂ, ਪਰ ਹੁਣ ਇਸ ਦਾ ਪੈਸਾ ਪੰਜਾਬ ਅਤੇ ਪੰਜਾਬੀਆਂ ਦੇ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਉਹ ਇਮਾਨਦਾਰੀ ਨਾਲ 24 ਘੰਟੇ ਕੰਮ ਕਰਨਗੇ।