Punjab News: ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ ਅੱਜ ਕਰਵਾਈ ਜਾ ਰਹੀ ‘ਕਿਸਾਨ ਮਿਲਣੀ’ ਪ੍ਰੋਗਰਾਮ ’ਚ ਕਿਸਾਨਾਂ ਨੂੰ ਨਵੀਂ ਖੇਤੀ ਤਕਨਾਲੋਜੀ ਦੇ ਗੁਰ ਸਿੱਖਣ ਨੂੰ ਮਿਲਣਗੇ। ਸੂਬਾ ਸਰਕਾਰ ਨਵੀਂ ਖੇਤੀ ਨੀਤੀ ਤਿਆਰ ਕਰ ਰਹੀ ਹੈ, ਜਿਸ ਤੋਂ ਪਹਿਲਾਂ ਕਿਸਾਨਾਂ ਤੋਂ ਫ਼ਸਲੀ ਲੋੜਾਂ ਤੇ ਮੰਗਾਂ ਬਾਰੇ ਜਾਣਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਕਿਸਾਨ ਮਿਲਣੀ ਵਿੱਚ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਹਰ ਜ਼ਿਲ੍ਹੇ ’ਚੋਂ ਕਰੀਬ 200 ਕਿਸਾਨਾਂ ਦਾ ਜਥਾ ਇਸ ਕਿਸਾਨ ਮਿਲਣੀ ਵਿੱਚ ਸ਼ਮੂਲੀਅਤ ਕਰੇਗਾ। ਖੇਤੀ ਵਿਭਾਗ ਇਸ ਕਿਸਾਨ ਮਿਲਣੀ ਵਿੱਚ ਖੇਤੀ ਸੈਕਟਰ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਾਏਗਾ।
ਕਿਸਾਨਾਂ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨਾਂ ਦੀ ਵਰਤੋਂ ਬਾਰੇ ਦੱਸਿਆ ਜਾਵੇਗਾ ਤੇ ਡੀਏਪੀ ਖਾਦ ਦੇ ਬਦਲ ਵਜੋਂ ਨੈਨੋ ਡੀਏਪੀ ਦੇ ਫ਼ਾਇਦਿਆਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ। ਇਹ ਕਿਸਾਨ ਮਿਲਣੀ ਪੰਜਾਬ ਖੇਤੀ ’ਵਰਸਿਟੀ ਦੇ ਕੈਂਪਸ ਵਿੱਚ ਹੋਵੇਗੀ। ਖੇਤੀ ’ਵਰਸਿਟੀ ਦੇ ਮੁਲਾਜ਼ਮ ਪਿਛਲੇ ਦਿਨਾਂ ਤੋਂ ਹੜਤਾਲ ’ਤੇ ਚੱਲੇ ਆ ਰਹੇ ਹਨ ਜਿਨ੍ਹਾਂ ਨਾਲ ਸਰਕਾਰ ਨੇ ਗੱਲਬਾਤ ਵੀ ਸ਼ੁਰੂ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਇਸ ਕਿਸਾਨ ਮਿਲਣੀ ਵਿੱਚ ਕਿਸਾਨਾਂ ਨੂੰ ਡਰੋਨਾਂ ਦੀ ਸਿਖਲਾਈ ਦੀ ਪੇਸ਼ਕਸ਼ ਵੀ ਕਰੇਗੀ ਤੇ ਇਹ ਸਿਖਲਾਈ ਕੇਂਦਰ ਪੰਜਾਬ ਖੇਤੀ ’ਵਰਸਿਟੀ ਵਿੱਚ ਸਥਾਪਤ ਕੀਤਾ ਗਿਆ ਹੈ। ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਤੋਂ ਫ਼ਸਲੀ ਲੋੜਾਂ ਜਿਵੇਂ ਬੀਜਾਂ ਦੀ ਮੰਗ ਤੇ ਕਿਸਮਾਂ ਬਾਰੇ, ਨਹਿਰੀ ਤੇ ਬਿਜਲੀ ਦੀ ਮੰਗ ਅਤੇ ਮਾਰਕੀਟਿੰਗ ਆਦਿ ਬਾਰੇ ਫੀਡ ਬੈਕ ਵੀ ਲਏਗੀ। ਛੋਟੇ ਕਿਸਾਨੀ ਨੂੰ ਸਸਤੇ ਖੇਤੀ ਸੰਦਾਂ ਅਤੇ ਮਸ਼ੀਨਰੀ ਬਾਰੇ ਵੀ ਦੱਸਿਆ ਜਾਵੇਗਾ।
ਕਿਸਾਨ ਮਿਲਣੀ ਵਿੱਚ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਬਾਰੇ ਵੀ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਸਰਕਾਰ ਪਹਿਲੀ ਦਫ਼ਾ ਕਿਸਾਨਾਂ ਨਾਲ ਆਹਮੋ-ਸਾਹਮਣੇ ਬੈਠ ਉਨ੍ਹਾਂ ਦੀਆਂ ਲੋੜਾਂ ਤੇ ਮੁਸ਼ਕਲਾਂ ਬਾਰੇ ਜਾਣੇਗੀ। ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਮਾਰਚ ਤੋਂ ਪਹਿਲਾਂ ਨਵੀਂ ਖੇਤੀ ਨੀਤੀ ਤਿਆਰ ਕਰ ਲਈ ਜਾਵੇਗੀ।