Punjab News : (ਅਸ਼ਰਫ ਢੁੱਡੀ) : ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਚਿਠੀ ਤੋਂ ਬਾਅਦ CM ਭਗਵੰਤ ਮਾਨ ਦੇ ਸੁਰ ਬਦਲ ਗਏ ਹਨ। CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਦੇ ਜਵਾਬ 'ਤੇ ਕਿਹਾ ਅਸੀਂ ਪੈਨਲ ਭੇਜ ਦਿੱਤਾ ਹੈ। ਸਾਡੇ ਪੰਜਾਬ ਦੇ ਗਵਰਨਰ ਨਾਲ ਸਬੰਧ ਠੀਕ ਹਨ। ਕਦੇ-ਕਦੇ ਅਜਿਹਾ ਕੁਝ ਚੱਲਦਾ ਰਹਿੰਦਾ ਹੈ, ਠੀਕ ਹੋ ਗਿਆ ਹੈ। ਅਸੀਂ ਪੈਨਲ ਭੇਜ ਦਿੱਤਾ ਹੈ। ਪੰਜਾਬ ਕੇਡਰ ਦਾ ਐਸ.ਐਸ.ਪੀ. ਲਗਾ ਦਿੱਤਾ ਜਾਵੇਗਾ। ਪੰਜਾਬ ਦੇ ਆਈਪੀਐਸ ਦਾ ਜੋ ਕੇਡਰ ਐਸਐਸਪੀ ਦਾ ਹੈ, ਉਹ ਜਲਦੀ ਹੀ ਲਗਾਇਆ ਜਾਵੇਗਾ। ਅਸੀਂ ਵਿਧਾਨਕਾਰ ਦੀਆਂ ਨੀਤੀਆਂ 'ਤੇ ਚੱਲ ਰਹੇ ਹਾਂ। 


ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਭਗਵੰਤ ਮਾਨ ਦੀ ਚਿੱਠੀ ਦਾ ਜਵਾਬ ਦਿੰਦਿਆਂ ਲਿਖਿਆ ਸੀ ਕਿ ਕੁਲਦੀਪ ਸਿੰਘ ਚਾਹਲ ਨੂੰ ਉਨ੍ਹਾਂ ਦੇ ਮਾੜੇ ਵਤੀਰੇ ਕਾਰਨ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਜਪਾਲ ਨੇ ਦੱਸਿਆ ਕਿ 28 ਨਵੰਬਰ ਨੂੰ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਕੁਲਦੀਪ ਚਾਹਲ ਬਾਰੇ ਫੋਨ 'ਤੇ ਸੂਚਿਤ ਕੀਤਾ ਸੀ ਤੇ ਉਨ੍ਹਾਂ ਨੂੰ ਐਸਐਸਪੀ ਦੇ ਅਹੁਦੇ ਲਈ ਅਧਿਕਾਰੀਆਂ ਦਾ ਪੈਨਲ ਭੇਜਣ ਲਈ ਕਿਹਾ ਸੀ। ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਸਕੱਤਰ ਨੇ 30 ਨਵੰਬਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਸ ਵਿੱਚ ਚਾਹਲ ਨੂੰ ਵਾਪਸ ਪੰਜਾਬ ਭੇਜਣ ਦੀ ਜਾਣਕਾਰੀ ਦਿੱਤੀ ਗਈ ਸੀ। ਰਾਜਪਾਲ ਨੇ ਲਿਖਿਆ ਕਿ ਤੁਸੀਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸੀ, ਇਸ ਲਈ ਤੁਹਾਡੇ ਨਾਲ ਸੰਪਰਕ ਨਹੀਂ ਹੋ ਸਕਿਆ।

 


 

 ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਬਤੌਰ ਐੱਸਐੱਸਪੀ ਤਾਇਨਾਤ ਕੁਲਦੀਪ ਸਿੰਘ ਚਾਹਲ ਨੂੰ ਰਿਲੀਵ ਕਰਕੇ ਪੰਜਾਬ ਵਾਪਸ ਭੇਜ ਦਿੱਤਾ ਹੈ। ਇਹ ਆਦੇਸ਼ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਜਾਰੀ ਕੀਤੇ ਸਨ ਅਤੇ ਐੱਸਐੱਸਪੀ ਟਰੈਫ਼ਿਕ ਵਜੋਂ ਤਾਇਨਾਤ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਚੰਡੀਗੜ੍ਹ ਵਿੱਚ ਐਸਐਸਪੀ ਦਾ ਅਹੁਦਾ ਪੰਜਾਬ ਕੇਡਰ ਦੇ ਅਧਿਕਾਰੀ ਲਈ ਰਾਖਵਾਂ ਹੈ। ਸਾਲ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਸਤੰਬਰ 2021 ਵਿੱਚ ਚੰਡੀਗੜ੍ਹ ਵਿੱਚ ਨਿਯੁਕਤ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਤਿੰਨ ਸਾਲ ਡੈਪੂਟੇਸ਼ਨ ’ਤੇ ਰਹੇ ਚਾਹਲ ਦਾ ਕਾਰਜਕਾਲ ਸਤੰਬਰ 2023 ਵਿੱਚ ਖ਼ਤਮ ਹੋਣਾ ਸੀ।