ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਬਰਾਮਦ ਕਰਨ ਦੇ ਮਾਮਲੇ ’ਚ ਕਾਂਗਰਸ ਪਾਰਟੀ ਵੱਲੋਂ ਐਸ.ਸੀ. ਵਰਗ ਦਾ ਨਾਂਅ ਵਰਤਣ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਚੰਨੀ ਨੇ ਐਸ.ਸੀ. ਵਰਗ ਦੀਆਂ ਵੋਟਾਂ ਲੈ ਕੇ ਇਸ ਵਰਗ ਸਮੇਤ ਸੂਬੇ ਦੇ ਸਾਧਨਾਂ ਤੇ ਖਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਿਆ ਤੇ ਕੁੱਟਿਆ ਹੈ। 


ਹੁਣ ਜਦੋਂ ਪਾਪ ਦੀ ਕਮਾਈ ਨਾਲ ਜੋੜੇ ਕਰੋੜਾਂ- ਅਰਬਾਂ ਦਾ ਪਰਦਾਫ਼ਾਸ਼ ਹੋ ਗਿਆ ਤਾਂ ਚੰਨੀ ਖੁਦ ਨੂੰ ਗਰੀਬ ਅਤੇ ਦਲਿਤ ਵਜੋਂ ਪੇਸ਼ ਕਰਕੇ ਤਰਸ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸੂਬੇ ਦੇ ਗਰੀਬਾਂ ਅਤੇ ਦਲਿਤਾਂ ਨੇ ਤਾਂ ਐਨੀਆਂ ਇੱਕਠੀਆਂ ਠੀਕਰੀਆਂ ਵੀ ਨਹੀਂ ਦੇਖੀਆਂ, ਜਿੰਨੀਆਂ ਨੋਟਾਂ ਦੀਆਂ ਢੇਰੀਆਂ ਚੰਨੀ ਦੇ ਖਾਨਦਾਨ ਕੋਲੋਂ ਬਰਾਮਦ ਹੋ ਰਹੀਆਂ ਹਨ। ਇਸ ਲਈ ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਨੂੰ ਐਸ.ਸੀ. ਵਰਗ ਦੇ ਨਾਂਅ ਦੀ ਵਰਤੋਂ ਕਰਕੇ ਗਰੀਬਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਸਗੋਂ ਆਪਣੇ ਕਾਲ਼ੇ ਕਾਰਨਾਮਿਆਂ  ਦਾ ਪੰਜਾਬ ਦੇ ਲੋਕਾਂ ਅੱਗੇ ਹਿਸਾਬ ਦੇਣਾ ਚਾਹੀਦਾ ਹੈ।


ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ਕਾਂਗਰਸ ਪਾਰਟੀ ਦੇ ਆਗੂਆਂ ਨੇ ਗਰੀਬਾਂ ਅਤੇ  ਐਸ.ਸੀ. ਵਰਗ ਨੂੰ ਹਮੇਸ਼ਾਂ ਆਪਣੇ ਵੋਟ ਬੈਂਕ ਲਈ ਵਰਤਿਆ ਹੈ, ਪਰ ਕਦੇ ਵੀ ਇਨਾਂ ਨੂੰ ਸੰਵਿਧਾਨਕ ਅਤੇ ਮਾਨਵੀਂ ਹੱਕ ਨਹੀਂ ਦਿੱਤੇ। ਕਾਂਗਰਸੀ ਆਗੂਆਂ ਨੇ ਬਾਬਾ ਸਾਹਿਬ ਡਾ. ਭੀਮ ਅੰਬੇਡਕਰ ਅਤੇ ਹੋਰ ਰਹਿਬਰਾਂ ਦਾ ਅਪਮਾਨ ਕੀਤਾ ਹੈ ਅਤੇ ਇਨ੍ਹਾਂ ਰਹਿਬਰਾਂ ਨੂੰ ਰਾਜਨੀਤਿਕ ਤੌਰ ’ਤੇ ਬਰਬਾਦ ਕੀਤਾ ਹੈ। ਪਰ ਜਦੋਂ ਵੀ ਕਾਂਗਰਸ ਅਤੇ ਕਾਂਗਰਸੀ ਆਗੂ ਆਪਣੇ ਕਾਲ਼ੇ ਕਾਰਨਾਮਿਆਂ ਕਾਰਨ ਦੋਸ਼ਾਂ ਵਿੱਚ ਘਿਰਦੇ ਹਨ ਤਾਂ ਇਨ੍ਹਾਂ ਨੂੰ ਐਸ.ਸੀ. ਵਰਗ ਦੀ ਯਾਦ ਆ ਜਾਂਦੀ ਹੈ ਅਤੇ ਆਪਣੇ ਆਗੂਆਂ ’ਤੇ ਐਸ.ਸੀ. ਵਰਗ ਦੇ ਨਾਂਅ ਦੀ ਮਲੱਮ ਲਾਉਣ ਲੱਗ ਜਾਂਦੇ ਹਨ।’’


ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ’ਚ ਐਸ.ਸੀ ਵਰਗ ਦੀਆਂ ਵੋਟਾਂ ਲੈਣ ਲਈ ਇਸ ਵਰਗ ਵਿਚੋਂ ਚਰਨਜੀਤ ਸਿੰਘ ਚੰਨੀ ਨੂੰ ਕੁੱਝ ਦਿਨਾਂ ਲਈ ਮੁੱਖ ਮੰਤਰੀ ਬਣਾਇਆ ਹੈ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਵੀ ਐਸ.ਸੀ. ਵਰਗ ਦੀ ਭਲਾਈ ਲਈ ਕੋਈ ਮਾਰਕਾ ਨਹੀਂ ਮਾਰ ਸਕੇ। ਸਗੋਂ ਕਾਂਗਰਸ ਸਰਕਾਰ ਨੇ ਐਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ’ਚ ਕਰੋੜਾਂ ਦਾ ਘੁਟਾਲਾ ਕੀਤਾ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਪੰਜ ਸਾਲਾਂ ’ਚ ਕੋਈ ਸਾਇਕਲ ਨਹੀਂ ਦਿੱਤਾ, ਵਿਦਿਆਰਥੀਆਂ ਨੂੰ ਵਰਦੀਆਂ ਤੇ ਕਿਤਾਬਾਂ ਸਮੇਂ ਸਿਰ ਨਹੀਂ ਦਿੱਤੀਆਂ, ਪਖਾਨੇ ਅਤੇ ਮਕਾਨ ਬਣਾਉਣ ਦੀਆਂ ਸਕੀਮਾਂ ਰੋਕੀਆਂ ਅਤੇ ਆਟਾ-ਦਾਲ ਸਕੀਮ ਤਹਿਤ ਮਿਲਦੀ ਦਾਲ ਦੇਣੀ ਬੰਦ ਕਰ ਦਿੱਤੀ। ਕਾਂਗਰਸ ਸਰਕਾਰ ਵੱਲੋਂ ਆਮ ਵਸਤਾਂ ਅਤੇ ਪੈਟਰੋਲ-ਡੀਜ਼ਲ ’ਤੇ ਲਾਏ ਟੈਕਸਾਂ ਦੀ ਸਭ ਤੋਂ ਜ਼ਿਆਦਾ ਐਸ.ਸੀ. ਵਰਗ ਅਤੇ ਗਰੀਬਾਂ ’ਤੇ ਪਈ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ।  


‘ਆਪ’ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੇ ਪੰਜਾਬ ਦੇ ਸਾਧਨਾਂ ਰੇਤ, ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਆਦਿ ਨੂੰ ਮਾਫੀਆ ਰਾਜ ਦੇ ਰਾਹੀਂ ਲੁੱਟਿਆ ਹੈ, ਡਰੱਗ ਮਾਫੀਆ ਰਾਹੀਂ ਨੌਜਵਾਨਾਂ ਨੂੰ ਮੌਤ ਦੇ ਰਾਹ ਧੱਕਿਆ ਹੈ। ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਐਸ.ਸੀ. ਵਰਗ ਸਮੇਤ ਗਰੀਬ ਲੋਕਾਂ ਨੂੰ ਜ਼ੁਲਮ ਸਹਿਣੇ ਪਏ। ਚੀਮਾ ਨੇ ਕਿਹਾ ਕਿ ਜੇ ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਹੁੰਦੀ ਤਾਂ ਹਰ ਵਰਗ ਨੂੰ ਸਹੂਲਤਾਂ ਮਿਲਣੀਆਂ ਸਨ, ਜਿਸ ਦਾ ਲਾਭ ਐਸ.ਸੀ. ਵਰਗ ਦੇ ਲੋਕਾਂ ਨੂੰ ਵੀ ਹੋਣਾ ਸੀ। ਗਰੀਬ ਪਰਿਵਾਰਾਂ ਨੂੰ ਗਰੀਬੀ ਤੋਂ ਛੁਟਕਾਰਾਂ ਮਿਲਦਾ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਆਪਣੀ ਸਰਕਾਰ ਵਿੱਚ ਭਾਈ- ਭਤੀਜਾਵਾਦ ਨੂੰ ਹੀ ਪ੍ਰਫੁੱਲਤ ਕੀਤਾ ਹੈ, ਜਿਸ ਦਾ ਸਬੂਤ ਹੈ ਅੱਜ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਈ.ਡੀ. ਵੱਲੋਂ ਫੜ੍ਹੇ ਗਏ ਹਨ। ਲੱਖਾਂ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਪਰਿਵਾਰ ਤੇ ਰਿਸਤੇਦਾਰ ਅਤੇ ਐਸ.ਸੀ. ਵਰਗ ਦੇ ਕਾਂਗਰਸੀ ਆਗੂ ਐਸ.ਸੀ ਵਰਗ ਦੇ ਨਾਂਅ ’ਤੇ ਵੱਡਾ ਧੱਬਾ ਹਨ, ਜਿਹੜੇ ਮਾਫੀਆ ਰਾਜ ਰਾਹੀਂ ਲੋਕਾਂ ਦੇ ਪੈਸੇ ਨੂੰ ਲੁੱਟ ਰਹੇ ਹਨ। ਇਸ ਲਈ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਆਪਣੇ ਕਾਲ਼ੇ ਧਨ ਨੂੰ ਛੁਪਾਉਣ ਲਈ ਐਸ.ਸੀ. ਵਰਗ ਦੇ ਨਾਂਅ ਦੀ ਵਰਤੋਂ ਕਰਨੀ ਬੰਦ ਕਰਨ, ਕਿਉਂਕਿ ਹੁਣ ਐਸੀ.ਸੀ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕਾ ਹੈ ਅਤੇ ਇਹ ਵਰਗ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਫ਼ੈਸਲਾ ਕਰ ਚੁੱਕਾ ਹੈ।