ਕੇਜਰੀਵਾਲ ਨੇ CM ਚੰਨੀ 'ਤੇ ਸਾਧਿਆ ਨਿਸ਼ਾਨਾ ,ਕਿਹਾ, "ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ"


ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਅਤੇ ਰਿਸ਼ਤੇਦਾਰਾਂ ਦੇ ਘਰ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਣ ਤੋਂ ਬਾਅਦ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ"।


ਬੁੱਧਵਾਰ ਨੂੰ ਕੇਜਰੀਵਾਲ ਨੇ ਟਵੀਟ ਕਰਕੇ ਈਡੀ ਦੇ ਛਾਪੇ ਵਿੱਚ ਬਰਾਮਦ ਹੋਈ 6 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕੀਤੀ ਅਤੇ ਇਹ ਗੱਲ ਕਹੀ।  ਕੇਜਰੀਵਾਲ ਨੇ ਚੰਨੀ ਵਲੋਂ ਖ਼ੁਦ ਨੂੰ ਆਮ ਆਦਮੀ ਦੱਸਣ 'ਤੇ ਹਮਲਾ ਬੋਲਿਆ ਅਤੇ ਅਸਿੱਧੇ ਤੌਰ 'ਤੇ ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪੈਸਾ ਹੈ, ਕਿਉਂਕਿ ਇੰਨੇ ਬੇਹਿਸਾਬ ਪੈਸੇ ਆਮ ਆਦਮੀ ਕੋਲ ਨਹੀਂ ਹੁੰਦੇ ਹਨ।


ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਕੀਤੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਬਰਾਮਦਗੀ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ ਮਿਲੇ ਕਰੋੜਾਂ ਰੁਪਏ ਉਨ੍ਹਾਂ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਲੁੱਟ ਅਤੇ ਮਾਫੀਆ ਦਾ ਪੈਸੇ ਹੈ। ਚੱਢਾ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਜਦੋਂ ਚੰਨੀ ਨੇ 111 ਦਿਨਾਂ ਵਿੱਚ ਐਨੀ ਕਮਾਈ ਕੀਤੀ, ਤਾਂ ਸੋਚੋ ਕਿ ਜੇਕਰ ਉਹ ਪੰਜ ਸਾਲ ਮੁੱਖ ਮੰਤਰੀ ਹੁੰਦੇ ਤਾਂ ਕਿੰਨੀ ਕਮਾਈ ਕਰਦੇ ।